ਮੁੱਲਾਂਪੁਰ ਦਾਖਾ: ਭਾਈ ਘਨ੍ਹੱਈਆ ਜੀ ਚੈਰੀਟੇਬਲ ਹਸਪਤਾਲ ਅਤੇ ਪਬਲਿਕ ਸੇਵਾ ਸੁਸਾਇਟੀ ਬੱਦੋਵਾਲ ਵੱਲੋਂ ਬਾਬਾ ਜਸਪਾਲ ਸਿੰਘ ਦੀ ਰਹਿਨੁਮਾਈ ਹੇਠ ਗ਼ਰੀਬ ਪਰਿਵਾਰਾਂ ਦੀਆਂ 51 ਲੜਕੀਆਂ ਦੇ ਸਮੂਹਕ ਅਨੰਦ ਕਾਰਜ ਕਰਵਾਏ ਗਏ। ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਨੇ ਨਵੇਂ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ। ਉਨ੍ਹਾਂ ਬਾਬਾ ਜਸਪਾਲ ਸਿੰਘ ਵੱਲੋਂ ਪਿਛਲੇ 35 ਸਾਲਾਂ ਤੋਂ ਇਲਾਕੇ ਦੇ ਲੋਕਾਂ ਦੀ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਸ਼ਲਾਘਾ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਮੁਖੀ ਬਾਬਾ ਜਸਪਾਲ ਸਿੰਘ ਨੇ ਦੱਸਿਆ ਕਿ ਪਿਛਲੇ 35 ਸਾਲਾਂ ਹੁਣ ਤੱਕ ਗ਼ਰੀਬ ਪਰਿਵਾਰਾਂ ਦੀਆਂ 22,013 ਲੜਕੀਆਂ ਦੇ ਅਨੰਦ ਕਾਰਜ ਕਰਵਾਏ ਗਏ ਹਨ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਨਵ-ਵਿਆਹੇ ਜੋੜਿਆਂ ਨੂੰ ਵਰਤੋਂ ਦਾ ਘਰੇਲੂ ਸਾਮਾਨ ਵੀ ਦਿੱਤਾ ਜਾਂਦਾ ਹੈ। ਛਛਰਾਲੀ ਦੇ ਨਾਮਧਾਰੀ ਬਾਬਾ ਸਤਨਾਮ ਸਿੰਘ, ਜਸਪ੍ਰੀਤ ਸਿੰਘ ਸਰਪੰਚ ਬੱਦੋਵਾਲ, ਪੁਸ਼ਪਿੰਦਰ ਸਿੰਘ, ਡਾਕਟਰ ਬਲਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ। -ਪੱਤਰ ਪ੍ਰੇਰਕ