ਜੋਗਿੰਦਰ ਸਿੰਘ ਓਬਰਾਏ
ਖੰਨਾ, 9 ਜੁਲਾਈ
ਅੱਜ ਇਥੋਂ ਦੇ ਪ੍ਰੇਮ ਭੰਡਾਰੀ ਪਾਰਕ ਵਿੱਚ ਵੱਖ-ਵੱਖ ਅਧਿਆਪਕ ਸੰਗਠਨਾਂ ਮੀਟਿੰਗ ਹੋਈ, ਜਿਸ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਗੁਰਪ੍ਰੀਤ ਸਿੰਘ, ਹਰਪਿੰਦਰ ਸ਼ਾਹੀ, ਗੁਰਪ੍ਰੀਤ ਮਾਹੀ, ਪਵਿੱਤਰ ਸਿੰਘ, ਸੰਜੇ ਪੁਰੀ, ਪਰਮਜੀਤ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਦਾ ਕੰਮ ਈ-ਕੰਟੈਂਟ ਦੀਆਂ ‘ਸਿੱਖਿਆ ਜਿਨਸਾਂ’ ਦਾ ਉਤਪਾਦਨ ਕਰਨ ਵਾਲੇ ਕੁਝ ਅਧਿਆਪਕਾਂ ਤੋਂ ਲੈਣ ਰਾਹੀਂ ਬੁੱਤਾ ਸਾਰਨ ਦੀ ਤਾਕ ਵਿੱਚ ਹਨ। ਉਨ੍ਹਾਂ ਦੀ ਬਹੁਤੀ ਪ੍ਰਤੀਬੱਧਤਾ ਵਿਦਿਆਰਥੀਆਂ ਦੀ ਸਿੱਖਿਆ ਦੀ ਥਾਂ ਭਾਰੀ ਬਜਟ ਕਟੌਤੀ ਦੇ ਨਾਲ-ਨਾਲ ਸਰਕਾਰੀ ਹਾਈ ਸਕੂਲ ਅਮਲੋਹ ਰੋਡ ਖੰਨਾ ਤੋਂ ਮੁਅੱਤਲ ਕੀਤੇ ਗੁਰਬਚਨ ਸਿੰਘ ਵਰਗੇ ਮਿਹਨਤੀ ਅਤੇ ਰਚਨਾਤਮਕ ਅਧਿਆਪਕਾਂ ਤੋਂ ਵਿਦਿਆਰਥੀਆਂ ਨੂੰ ਵਾਂਝੇ ਕਰ ਦੇਣ ਦੀ ਹੈ। ਮੀਟਿੰਗ ਦੌਰਾਨ ਅਧਿਆਪਕ ਸੰਗਠਨਾਂ ਦੇ ਪ੍ਰਤੀਨਿਧਾਂ ਦੀ ਇਕ ਟੀਮ ਮਸਲੇ ਦੀ ਨਿਰਪੱਖ ਪੜਤਾਲ ਲਈ ਮੁਅੱਤਲ ਅਧਿਆਪਕ ਦੇ ਸਕੂਲ ਗਈ, ਜਿਥੇ ਉਨ੍ਹਾਂ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦੇ ਵਿਚਾਰ ਸੁਣੇ। ਇਸ ਉਪਰੰਤ ਟੀਮ ਨੇ ਦੱਸਿਆ ਕਿ ਗੁਰਬਚਨ ਸਿੰਘ ਵਿਦਿਆਰਥੀਆਂ ਪ੍ਰਤੀ ਸਮਰਪਿਤ ਅਧਿਆਪਕ ਰਿਹਾ ਹੈ। ਉਹ ਸਾਰੀਆਂ ਕਲਾਸਾਂ ਦੀ ਆਫ-ਲਾਈਨ ਅਤੇ ਆਨ ਲਾਈਨ ਪੜ੍ਹਾਈ, ਆਪਣੀਆਂ ਨਿੱਜੀ ਰਚਨਾਤਮਕ ਕੋਸ਼ਿਸ਼ਾਂ ਰਾਹੀਂ ਮੂਹਰੇ ਹੋ ਕੇ ਕਰਵਾਉਂਦਾ ਰਿਹਾ ਹੈ।
ਵਿਦਿਆਰਥੀਆਂ ਨੇ ਕਿਹਾ ਕਿ ਗੁਰਬਚਨ ਸਿੰਘ ਵਿਦਿਆਰਥੀਆਂ ਨੂੰ ਹਰ ਪ੍ਰਕਾਰ ਦੀ ਵਿਸ਼ਾ ਸਮੱਗਰੀ ਨਿਰੰਤਰ ਭੇਜਦੇ ਰਹੇ ਹਨ। ਇੱਕ ਵਿਦਿਆਰਥੀ ਦੇ ਪਿਤਾ ਸਤੀਸ਼ ਕੁਮਾਰ ਨੇ ਬੱਚਿਆਂ ਕੋਲ ਇੰਟਰਨੈਟ ਕੁਨੈਕਟੀਵਿਟੀ ਦੀ ਅਣਹੋਂਦ ਸਬੰਧੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੇਬੁਨਿਆਦ ਦੋਸ਼ ਲਗਾ ਕੇ ਅਧਿਆਪਕਾਂ ਦੀਆਂ ਮੁਅੱਤਲੀਆਂ ਅਤੇ ਚੰਗੇ ਅਧਿਆਪਕ ਵਿਦਿਆਰਥੀਆਂ ਤੋਂ ਖੋਹਣ ਲੈਣ ਦੀ ਨੀਤੀ ਤੇ ਕੰਮ ਕਰਨ ਦੀ ਥਾਂ ਸਰਕਾਰ ਸਬਸਿਡੀ ਅਧਾਰਿਤ ਇੰਟਰਨੈੱਟ ਡੈਟਾ ਪੈਕ ਅਤੇ ਸਮਾਰਟ ਫੋਨ ਦੀ ਸਪਲਾਈ ਨੂੰ ਯਕੀਨੀ ਬਣਾਵੇ।
ਇਸ ਮੌਕੇ ਯੂਨੀਅਨ ਦੀ ਲੁਧਿਆਣਾ ਇਕਾਈ ਦੇ ਪ੍ਰਧਾਨ ਹਰਦੇਵ ਸਿੰਘ, ਦਲਜੀਤ ਸਮਰਾਲਾ, ਮਨਜਿੰਦਰ ਚੀਮਾ, ਸੁਖਵੰਤ ਸਿੰਘ, ਬਿਕਰਮਜੀਤ ਕੱਦੋਂ, ਸੁਖਦੇਵ ਰਾਣਾ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਬਿਨਾਂ ਕਿਸੇ ਕਾਰਨ ਦੱਸੋ ਨੋਟਿਸ, ਪੜਤਾਲ ਅਤੇ ਦੋਸ਼ ਸੂਚੀ ਤੋਂ ਗੁਰਬਚਨ ਸਿੰਘ ਦੀ ਮੁਅੱਤਲੀ ਨੂੰ ਉਹ ਸਰਕਾਰ ਦੀਆਂ ਦਮਨਕਾਰੀ ਅਤੇ ਕੇਂਦਰਵਾਦੀ ਨੀਤੀਆਂ ਦਾ ਸੂਚਕ ਮੰਨਦੇ ਹਨ, ਜਿਸ ਦੀ ਨਿਖੇਧੀ ਦੇ ਨਾਲ-ਨਾਲ ਮੁਅੱਤਲੀ ਰੱਦ ਹੋਣ ਤੱਕ ਸੰਘਰਸ਼ ਦਾ ਐਲਾਨ ਕੀਤਾ।
ਇਸ ਮੌਕੇ ਰਵਿੰਦਰ ਹੈਪੀ, ਜਗਦੀਪ ਸਿੰਘ, ਹਰਪ੍ਰੀਤ ਸਿੰਘ, ਕਰਮਜੀਤ ਸਿੰਘ, ਦਿਨੇਸ਼ ਕੁਮਾਰ, ਸੰਜੀਵ ਪਾਸੀ, ਰਾਜਨ ਕੁਮਾਰ, ਕਪਿਲ ਦੇਵ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਅਜੀਤ ਪਾਲ ਸਿੰਘ, ਰਵਿੰਦਰ ਕੁਮਾਰ, ਸ਼ਾਲੂ ਚੱਢਾ, ਕ੍ਰਿਸ਼ਮਾ ਭਾਰਦਵਾਜ਼, ਸੀਮਾ ਸ਼ਰਮਾ, ਰੀਟਾ ਰਾਣੀ, ਜਸਪ੍ਰੀਤ ਕੌਰ, ਸੰਤੋਖ ਸਿੰਘ, ਪਰਮਜੀਤ ਕੌਰ, ਜਸਵੰਤ ਕੌਰ ਅਤੇ ਭਜਨ ਸਿੰਘ ਹਾਜ਼ਰ ਸਨ।