ਗੁਰਿੰਦਰ ਸਿੰਘ
ਲੁਧਿਆਣਾ, 16 ਮਈ
ਸ਼ਹੀਦ ਸੁਖਦੇਵ ਦੇ ਜਨਮ ਸਥਾਨ ਨੌਘਰਾ ਮੁਹੱਲਾ ਵਿੱੱਚ ਵੱਖ-ਵੱਖ ਇਨਕਲਾਬੀ ਜੱਥੇਬੰਦੀਆਂ ਵੱਲੋਂ ਸਾਂਝੇ ਰੂਪ ਵਿੱਚ ਸ਼ਹੀਦ ਸੁਖਦੇਵ ਦਾ ਜਨਮ ਦਿਨ ਮਨਾਇਆ ਗਿਆ। ਬੀਤੀ ਦੇਰ ਸ਼ਾਮ ਘੰਟਾ ਘਰ ਚੌਕ ਨੇੜੇ ਨਗਰ ਨਿਗਮ ਦਫ਼ਤਰ ਤੋਂ ਚੌੜਾ ਬਾਜ਼ਾਰ ਸਥਿਤ ਨੌਘਰੇ ਮੁਹੱਲੇ ਤੱਕ ਪੈਦਲ ਮਾਰਚ ਕੀਤਾ ਗਿਆ ਜਿੱਥੇ ਇਨਕਲਾਬੀ ਆਗੂਆਂ ਤੇ ਹੋਰ ਲੋਕਾਂ ਨੇ ਸ਼ਹੀਦ ਸੁਖਦੇਵ ਦੀ ਯਾਦਗਾਰ ’ਤੇ ਫੁੱਲ ਭੇਟ ਕੀਤੇ। ਇਸ ਮੌਕੇ ਅਦਾਰਾ ਲਲਕਾਰ ਅਤੇ ਮੁਕਤੀ ਸੰਗਰਾਮ ਮਜ਼ਦੂਰ ਮੰਚ ਵੱਲੋਂ ਜਗਦੀਸ਼, ਲੋਕ ਮੋਰਚਾ ਪੰਜਾਬ ਦੇ ਆਗੂ ਡਾ. ਸੁਰਜੀਤ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਸੁਰਿੰਦਰ ਸ਼ਰਮਾ ਅਤੇ ਇਨਕਲਾਬੀ ਜਮਹੂਰੀ ਮੋਰਚਾ ਪੰਜਾਬ ਦੇ ਆਗੂ ਕਰਨੈਲ ਸਿੰਘ ਨੇ ਵਿਚਾਰ ਪੇਸ਼ ਕੀਤੇ। ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ, ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ, ਡੈਮੋਕਰੈਟਿਕ ਲਾਅਰਜ਼ ਐਸੋਸੀਏਸ਼ਨ, ਨੌਜਵਾਨ ਸਭਾ ਐਲ ਬਲਾਕ, ਇਨਕਲਾਬੀ ਮਜ਼ਦੂਰ ਕੇਂਦਰ, ਪੰਜਾਬ ਲੋਕ ਸੱਭਿਆਚਾਰਕ ਮੰਚ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਇਨਕਲਾਬੀ ਸੱਭਿਆਚਾਰਕ ਮੰਚ ‘ਦਸਤਕ’ ਅਤੇ ਪੰਜਾਬ ਲੋਕ ਸੱਭਿਆਚਾਰਕ ਮੰਚ ਵੱਲੋਂ ਕਸਤੂਰੀ ਲਾਲ ਅਤੇ ਮਜ਼ਦੂਰ ਸਾਥੀ ਰਮੇਸ਼ ਨੇ ਗੀਤ ਪੇਸ਼ ਕੀਤੇ। ‘ਰੰਗਨਗਰੀ’ ਲੁਧਿਆਣਾ ਵੱਲੋਂ ਨਾਟਕ ਟੋਆ ਪੇਸ਼ ਕੀਤਾ ਗਿਆ। ਇਸ ਮੌਕੇ ਵੱਖ ਵੱਖ ਆਗੂਆਂ ਨੇ ਲੋਕਾਂ ਨੂੰ ਸ਼ਹੀਦ ਸੁਖਦੇਵ ਦੇ ਜਨਮ ਦਿਨ ‘ਤੇ ਇਨਕਲਾਬੀ ਸ਼ਹੀਦਾਂ ਦੀ ਸੋਚ ਅਪਣਾਉਣ ਅਤੇ ਫੈਲਾਉਣ ਦਾ ਪ੍ਰਣ ਕਰਨ ਅਤੇ ਉਨ੍ਹਾਂ ਦੇ ਸੁਪਨਿਆਂ ਦੇ ਸਮਾਜ ਦੀ ਉਸਾਰੀ ਦੀ ਤਿਆਰੀ ਵਿੱਚ ਜੁਟ ਜਾਣ ਦਾ ਪ੍ਰਣ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਆਮ ਕਿਰਤੀ ਲੋਕਾਂ ਦੀ ਹਾਲਤ ਬਹੁਤ ਬੁਰੀ ਹੋ ਚੁੱਕੀ ਹੈ। ਦਿਨੋਂ ਦਿਨ ਅਮੀਰੀ ਗਰੀਬੀ ਦਾ ਪਾੜਾ ਵਧ ਰਿਹਾ ਹੈ ਤੇ ਲੋਕ ਇਲਾਜ ਨਾ ਹੋਣ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ।