ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 11 ਅਕਤੂਬਰ
ਥਾਣਾ ਕੂੰਮਕਲਾਂ ਅਧੀਨ ਪੈਂਦੇ ਇਲਾਕੇ ਵਿਚ ਚੋਰੀ ਤੇ ਲੁੱਟ, ਖੋਹ ਦੀਆਂ ਵਧ ਰਹੀਆਂ ਘਟਨਾਵਾਂ ਖਿਲਾਫ਼ ਜਥੇਬੰਦੀਆਂ ਤੇ ਹੋਰ ਲੋਕਾਂ ਨੇ ਇਕੱਠੇ ਹੋ ਕੇ ਥਾਣੇ ਦਾ ਘਿਰਾਓ ਕੀਤਾ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਅੱਜ ਥਾਣੇ ਦਾ ਘਿਰਾਓ ਕਰਨ ਮੌਕੇ ਸੀਟੂ ਆਗੂ ਸਰਵ ਸਾਥੀ ਅਮਰਨਾਥ ਕੂੰਮਕਲਾਂ, ਐਡਵੋਕੇਟ ਕੁਲਦੀਪ ਸਿੰਘ ਗਰੇਵਾਲ, ਸਾਬਕਾ ਵਿਧਾਇਕ ਤਰਸੇਮ ਜੋਧਾਂ, ਰਾਣਾ ਕਰਨ ਸਿੰਘ ਨੇ ਕਿਹਾ ਕਿ ਕੂੰਮਕਲਾਂ ਤੋਂ 27 ਅਗਸਤ ਨੂੰ ਦਲਵਿੰਦਰ ਸਿੰਘ ਦੀਆਂ 46 ਭੇਡਾਂ ਲੁਟੇਰੇ ਲੈ ਗਏ। ਪਹਿਲਾਂ ਉਨ੍ਹਾਂ ਨੇ ਚਰਵਾਹਿਆਂ ਤੋਂ ਮੋਬਾਈਲ ਖੋਹੇ ਫਿਰ ਕੁੱਟਮਾਰ ਕਰਨ ਤੋਂ ਬਾਅਦ ਰੱਸਿਆਂ ਨਾਲ ਬੰਨ੍ਹ ਕੇ ਭੇਡਾਂ ਗੱਡੀਆਂ ਵਿਚ ਲੱਦ ਲਈਆਂ। ਇਨ੍ਹਾਂ ਲੁਟੇਰਿਆਂ ਦੀ ਗੱਡੀ ਦੀ ਪਛਾਣ ਵੀ ਕਰ ਲਈ ਗਈ ਜੋ ਕਿ ਕਠੂਆ ਜ਼ਿਲ੍ਹੇ ਦੇ ਵਿਅਕਤੀ ਕੋਲ ਹੈ। ਆਗੂਆਂ ਨੇ ਕਿਹਾ ਕਿ ਪਸ਼ੂ ਚੋਰੀ ਅਤੇ ਹੋਰ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਦੀ ਜੇ ਕੋਈ ਸ਼ਿਕਾਇਤ ਕਰਨ ਜਾਂਦਾ ਹੈ ਤਾਂ ਪੁਲੀਸ ਕੋਈ ਵੀ ਮਾਮਲਾ ਦਰਜ ਨਹੀਂ ਕਰਦੀ। ਇਸ ਕਾਰਨ ਕੇਸ ਰਫ਼ਾ-ਦਫ਼ਾ ਹੋ ਜਾਂਦਾ ਹੈ ਜਿਸ ਨਾਲ ਲੋਕਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ। ਧਰਨੇ ਤੋਂ ਬਾਅਦ ਕੂੰਮਕਲਾਂ ਥਾਣੇ ਵਿਚ ਡਕੈਤੀ ਦਾ ਪਰਚਾ ਦਰਜ ਕੀਤਾ ਗਿਆ। ਇਸ ਮੌਕੇ ਪ੍ਰਕਾਸ਼ ਸਿੰਘ ਹਿੱਸੋਵਾਲ, ਚਰਨਜੀਤ ਹਿੰਮਾਯੂਪੁਰ, ਸਿੰਦਰ ਸਿੰਘ ਜਵੱਦੀ, ਅਮਰਜੀਤ ਸਿੰਘ, ਪੰਮਾ ਜੱਸੋਵਾਲ, ਜਸਵੰਤ ਸਿੰਘ ਕੂੰਮਕਲਾਂ, ਮਲਕੀਤ ਸਿੰਘ ਡਸਿਆਂਬਲੀ, ਦਲਵਿੰਦਰ ਸਿੰਘ ਲਾਲੜੂ, ਗੱਜਣ ਸਿੰਘ ਸਾਬਕਾ ਸਰਪੰਚ ਮਨੌਲੀ ਸੂਰਤ, ਮਹਿੰਦਰ ਸਿੰਘ ਸਰਪੰਚ ਉੱਚੀ ਜਟਾਣੀ, ਸਰਪੰਚ ਰਿਸ਼ੀ ਲਾਲ ਵੀ ਮੌਜੂਦ ਸਨ।