ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਸਤੰਬਰ
ਜੇਲ੍ਹ ’ਚ ਪੁਲੀਸ ਮੁਲਾਜ਼ਮਾਂ ਰਾਹੀਂ ਨਸ਼ਾ ਪਹੁੰਚਾਉਣ ਦੇ ਮਾਮਲੇ ’ਚ ਜਾਂਚ ਕਰ ਰਹੀ ਐੱਸਟੀਐੱਫ਼ ਦੀ ਟੀਮ ਤੋਂ ਬਾਅਦ ਕਮਿਸ਼ਨਰੇਟ ਪੁਲੀਸ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਪੁਲੀਸ ਲਾਈਨ ਦੇ ਏਐੱਸਆਈ ਬਲਬੀਰ ਕੁਮਾਰ ਦੀ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ ਪੁਲੀਸ ਕਮਿਸ਼ਨਰ ਡਾ. ਕੌਸਤੁਬ ਸ਼ਰਮਾ ਨੇ ਜਾਂਚ ਦੇ ਹੁਕਮ ਦਿੱਤੇ ਹਨ ਕਿ ਇੱਕ ਹੀ ਮੁਲਾਜ਼ਮ ਦੀ ਡਿਊਟੀ ਵਾਰ-ਵਾਰ ਕਿਵੇਂ ਲੱਗੀ? ਉਨ੍ਹਾਂ ਇਸ ਗੱਲ ਦੀ ਵੀ ਜਾਂਚ ਲਈ ਆਖਿਆ ਕਿ ਕੀ ਆਖ ਕੇ ਏਐੱਸਆਈ ਡਿਊਟੀ ’ਤੇ ਜਾਂਦਾ ਸੀ। ਪੁਲੀਸ ਕਮਿਸ਼ਨਰ ਨੇ ਹੁਕਮ ਜਾਰੀ ਕੀਤੇ ਹਨ ਕਿ ਹੁਣ ਜੋ ਡਿਊਟੀ ਹਵਾਲਾਤੀਆਂ ਨੂੰ ਜੇਲ੍ਹ ’ਚੋਂ ਲਿਆਉਣ ਤੇ ਲਿਜਾਣ ਲਈ ਲੱਗੇਗੀ, ਉਸਨੂੰ ਰੋਟੇਸ਼ਨ ਵਾਈਜ਼ ਲਾਇਆ ਜਾਵੇ। ਉੱਧਰ, ਐੱਸਟੀਐੱਫ਼ ਦੀ ਟੀਮ ਵੀ ਜਾਂਚ ਕਰਨ ’ਚ ਲੱਗੀ ਹੋਈ ਹੈ ਕਿ ਇਸ ਮਾਮਲੇ ’ਚ ਗ੍ਰਿਫ਼ਤਾਰ ਚਾਹ ਵਾਲੇ ਮੁਹੰਮਦ ਅਨਵਾਰੁਲ ਨੂੰ ਨਸ਼ਾ ਕੌਣ ਦੇ ਜਾਂਦਾ ਸੀ ਤੇ ਕਿਵੇਂ ਉਹ ਏਐਸਆਈ ਨੂੰ ਚੁੱਪ ਚਾਪ ਨਸ਼ਾ ਫੜਾ ਕੇ ਚਲਾ ਜਾਂਦਾ ਸੀ। ਐੱਸਟੀਐੱਫ਼ ਨੇ ਮੰਗਲਵਾਰ ਨੂੰ ਲੁਧਿਆਣਾ ਪੁਲੀਸ ਲਾਈਨ ਦੇ ਏਐਸਆਈ ਬਲਵੀਰ ਕੁਮਾਰ, ਲੁਧਿਆਣਾ ਅਦਾਲਤੀ ਕੰਪਲੈਕਸ ’ਚ ਚਾਹ ਦੀ ਦੁਕਾਨ ਚਲਾਉਣ ਵਾਲੇ ਮੁਹੰਮਦ ਅਨਵਾਰੁਲ ਤੋਂ ਇਲਾਵਾ ਜੇਲ੍ਹ ਦੇ 2 ਕੈਦੀਆਂ ਬੰਟੀ ਕੁਮਾਰ ਅਤੇ ਆਕਾਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ।
ਡੀਐੱਸਪੀ ਐੱਸਟੀਐੱਫ਼ ਦਵਿੰਦਰ ਚੌਧਰੀ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਏਐਸਆਈ ਬਲਵੀਰ ਸਿੰਘ ਦੀ ਮਹੀਨੇ ’ਚ 20 ਦਿਨ ਦੇ ਕਰੀਬ ਡਿਊਟੀ ਹੁੰਦੀ ਸੀ। ਉਸਨੂੰ ਹਰ ਇੱਕ ਚੱਕਰ ਦੇ 5 ਹਜ਼ਾਰ ਰੁਪਏ ਮਿਲਦੇ ਸਨ। ਚਾਹ ਵਾਲਾ ਉਸਨੂੰ ਨਸ਼ਾ ਮੁਹੱਈਆ ਕਰਵਾਉਂਦਾ ਸੀ ਤੇ ਉਹ ਕਿਸੇ ਨਾ ਕਿਸੇ ਹਵਾਲਾਤੀ ਰਾਹੀਂ ਬੰਟੀ ਤੱਕ ਨਸ਼ਾ ਪਹੁੰਚਾ ਦਿੰਦਾ ਸੀ ਤੇ ਬੰਟੀ ਅੱਗੇ ਉਸਨੂੰ ਵੇਚ ਦਿੰਦਾ ਸੀ। ਬੰਟੀ ਫੋਨ ਤੋਂ ਸੰਪਰਕ ਕਰ ਚਾਹ ਵਾਲੇ ਤੱਕ ਨਸ਼ਾ ਪੁੱਜਦਾ ਕਰਦਾ ਸੀ। ਡੀਐੱਸਪੀ ਚੌਧਰੀ ਨੇ ਕਿਹਾ ਕਿ ਹੁਣ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਗੋਰਖਧੰਦੇ ’ਚ ਕਿੰਨੇ ਲੋਕ ਸ਼ਾਮਲ ਹਨ ਤੇ ਕਿਵੇਂ ਨਸ਼ਾ ਖਰੀਦ ਕੇ ਲਿਆਂਦੇ ਸਨ ਤੇ ਪਹੁੰਚਾਉਂਦੇ ਸਨ। ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨੇ ਦੱਸਿਆ ਕਿ ਆਮ ਤੌਰ ’ਤੇ ਪੁਲੀਸ ਕਰਮੀ ਸਿਹਤ ਜਾਂ ਪਰਿਵਾਰ ਦੇ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਆਸਾਨੀ ਨਾਲ ਡਿਊਟੀ ਐਡਜੈਸਟ ਕਰਵਾ ਲੈਂਦੇ ਹਨ। ਹੋ ਸਕਦਾ ਹੈ ਕਿ ਏਐੱਸਆਈ ਨੇ ਵੀ ਜੋ ਡਿਊਟੀ ਲਾਉਂਦੇ ਹਨ, ਉਨ੍ਹਾਂ ਨੂੰ ਕੋਈ ਅਜਿਹਾ ਕਾਰਨ ਦੱਸਿਆ ਹੋਵੇ।