ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 19 ਸਤੰਬਰ
ਬੰਦੀ ਸਿੰਘਾਂ ਦੀ ਰਿਹਾਈ ਦੇ ਵਿਰੋਧ ਵਿੱਚ ਹਿੰਦੂ ਤਖ਼ਤ ਦੀ ਅਗਵਾਈ ਹੇਠ ਕੁੱਝ ਜਥੇਬੰਦੀਆਂ ਵੱਲੋਂ ਰੋਸ ਮਾਰਚ ਕਰ ਕੇ ਪੁਲੀਸ ਕਮਿਸ਼ਨਰ ਨੂੰ ਮੁੱਖ ਮੰਤਰੀ ਪੰਜਾਬ ਲਈ ਮੰਗ ਪੱਤਰ ਸੌਂਪਿਆ ਗਿਆ ਹੈ।
ਹਿੰਦੂ ਤਖ਼ਤ ਪੰਜਾਬ ਦੇ ਪ੍ਰਮੁੱਖ ਪ੍ਰਚਾਰਕ ਵਰੁਣ ਮਹਿਤਾ ਦੀ ਅਗਵਾਈ ਹੇਠ ਵਰਕਰ ਭਾਰਤ ਨਗਰ ਚੌਕ ਵਿੱਚ ਇਕੱਠੇ ਹੋਏ ਜਿਥੋਂ ਉਹ ਨਾਅਰੇਬਾਜ਼ੀ ਕਰਦੇ ਹੋਏ ਪੁਲੀਸ ਕਮਿਸ਼ਨਰ ਦਫ਼ਤਰ ਪਹੁੰਚੇ ਜਿੱਥੇ ਉਨ੍ਹਾਂ ਜੇਸੀਪੀ ਨੂੰ ਮੁੱਖ ਮੰਤਰੀ ਪੰਜਾਬ ਲਈ ਮੰਗ ਪੱਤਰ ਦੇ ਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕੀਤਾ। ਇਸ ਮੌਕੇ ਇੰਦਰਪ੍ਰੀਤ ਭੋਲੂ, ਦੀਪਕ ਭਾਈਆ, ਚਾਂਦ ਕੁਮਾਰ, ਸੰਜੀਵ ਵੈਦ, ਅਨੂਰਿਤੀ ਬੰਗਾਲੀ ਅਤੇ ਸ਼ਿਵ ਵਰਮਾ ਸਣੇ ਕਈ ਆਗੂ ਹਾਜ਼ਰ ਸਨ।
ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਅਤੇ ਪੰਜਾਬੀਅਤ ਲਈ ਕੁਰਬਾਨੀਆਂ ਕੀਤੀਆਂ ਹਨ ਉਨ੍ਹਾਂ ਦੀ ਰਿਹਾਈ ਦੀ ਆਵਾਜ਼ ਬੁਲੰਦ ਕਰਨਾ ਜਾਇਜ਼ ਹੈ ਪਰ ਇਸ ਦੀ ਓਟ ਹੇਠ ਬੇਗ਼ੁਨਾਹ ਲੋਕਾਂ ਦੇ ਕਤਲ ਕਰਨ ਵਾਲਿਆਂ ਨੂੰ ਰਿਹਾਅ ਕਰਨਾ ਮੰਦਭਾਗਾ ਹੀ ਨਹੀਂ ਬਲਕਿ ਸੂਬੇ ਦੇ ਅਮਨ ਕਾਨੂੰਨ ਲਈ ਵੀ ਖ਼ਤਰਾ ਹੈ।
ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਬੇਗੁਨਾਹਾਂ ਦੀ ਕਾਤਲਾਂ ਦੀ ਰਿਹਾਈ ਦੀ ਮੰਗ ਕਰਨ ਵਾਲੇ ਸ਼ਹੀਦ ਪਰਿਵਾਰਾਂ ਲਈ ਆਵਾਜ਼ ਬੁਲੰਦ ਕਰਨ ਤਾਂ ਹਿੰਦੂ ਤਖਤ ਉਨ੍ਹਾਂ ਦੀ ਮਦਦ ਕਰੇਗਾ ਜਦੋਂਕਿ ਕਾਤਲਾਂ ਨੂੰ ਕਿਸੇ ਵੀ ਕੀਮਤ ਵਿੱਚ ਰਿਹਾਅ ਨਹੀਂ ਹੋਣ ਦੇਵੇਗਾ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਕਿਸੇ ਵੀ ਦਬਾਅ ਵਿੱਚ ਆ ਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਿੰਦੂ ਤਖ਼ਤ ਆਵਾਜ਼ ਬੁਲੰਦ ਕਰ ਕੇ ਤਿੱਖਾ ਸੰਘਰਸ਼ ਕਰੇਗਾ।