ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਜੁਲਾਈ
ਤਾਜਪੁਰ ਰੋਡ ’ਤੇ ਪੈਂਦੇ ਮੁਹੱਲਾ ਨਿਊ ਵਿਜੈ ਨਗਰ ਅਤੇ ਗੀਤਾ ਨਗਰ ਵਿੱਚ ਸ਼ਰਾਬ ਦਾ ਠੇਕਾ ਖੋਲ੍ਹਣ ਦਾ ਇਲਾਕਾ ਨਿਵਾਸੀਆਂ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਉਧਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਜਥੇਦਾਰ ਜਸਵੰਤ ਸਿੰਘ ਚੀਮਾ ਨੇ ਇਸ ਦੇ ਵਿਰੋਧ ਵਿੱਚ ਮੁਹੱਲਾ ਵਾਸੀਆਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਹੈ। ਮੁਹੱਲੇ ਵਿੱਚ ਰਹਿੰਦੇ ਦਲ ਦੇ ਮੀਤ ਪ੍ਰਧਾਨ ਬਾਬਾ ਸਵਰਨ ਸਿੰਘ ਨੇ ਇਸ ਬਾਰੇ ਜਥੇਦਾਰ ਚੀਮਾ ਨੂੰ ਦੱਸਿਆ ਤਾਂ ਉਨ੍ਹਾਂ ਸਾਥੀਆਂ ਸਮੇਤ ਠੇਕੇ ਵਾਲੀ ਜਗ੍ਹਾ ’ਤੇ ਪਹੁੰਚ ਕੇ ਠੇਕਾ ਖੋਲਣ ਦਾ ਵਿਰੋਧ ਕੀਤਾ। ਮੁਹੱਲਾ ਵਾਸੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਜੇ ਕੁਮਾਰ, ਸੁਰਜੀਤ ਸਿੰਘ ਬੰਗਾ, ਗਗਨਦੀਪ ਸਿੰਘ ਅਰੋੜਾ ਅਤੇ ਬਾਬੂ ਸੁਰਿੰਦਰ ਨੇ ਦੱਸਿਆ ਕਿ ਜਿਸ ਜਗ੍ਹਾ ’ਤੇ ਠੇਕਾ ਖੋਲ੍ਹਿਆ ਜਾ ਰਿਹਾ ਹੈ ਉਸ ਦੇ ਬਿਲਕੁਲ ਨਾਲ ਹੀ ਸ਼ਹੀਦਾਂ ਦਾ ਅਸਥਾਨ ਹੈ। ਇਸ ਮੌਕੇ ਜਥੇਦਾਰ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਕੋਈ ਲੋਕ ਭਲਾਈ ਦਾ ਕੰਮ ਤਾਂ ਨਹੀਂ ਕੀਤਾ ਪਰ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਲਈ ਸ਼ਰਾਬ ਜ਼ਰੂਰ ਸਸਤੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਤ ’ਤੇ ਮੁਹੱਲਾ ਨਿਊ ਵਿਜੈ ਨਗਰ ਅਤੇ ਗੀਤਾ ਨਗਰ ਵਿੱਚ ਠੇਕ ਖੋਲ੍ਹਣ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਸੁਨੀਲ ਚੌਹਾਨ, ਹਰਸਪਾਲ,ਹਰਮੇਸ਼ ਪਾਲ, ਮਨਜਿੰਦਰ ਸਿੰਘ ਹਾਜ਼ਰ ਸਨ।