ਗਗਨਦੀਪ ਅਰੋੜਾ
ਲੁਧਿਆਣਾ, 20 ਅਪਰੈਲ
ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਸੂਬੇ ਦੇ ਦੌਰੇ ’ਤੇ ਨਿਕਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਰੋਜ਼ ਗਾਰਡਨ ਸਥਿਤ ਮੇਅਰ ਦੀ ਸਰਕਾਰੀ ਰਿਹਾਇਸ਼ ’ਚ ਕਾਂਗਰਸੀ ਕੌਂਸਲਰਾਂ ਤੇ ਵਾਰਡ ਪ੍ਰਧਾਨਾਂ ਨਾਲ ਮੀਟਿੰਗ ਕੀਤੀ। ਮੇਅਰ ਹਾਊਸ ਨੂੰ ਹੀ ਕਾਂਗਰਸ ਦਫ਼ਤਰ ਬਣਾ ਕੇ ਉੱਥੇ ਪੂਰਾ ਸਮਾਗਮ ਕੀਤਾ ਗਿਆ। ਇਸ ਦੌਰਾਨ ਰਾਜਾ ਵੜਿੰਗ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕੇਸਰੀ ਪੱਗ ਬੰਨ੍ਹ ਕੇ ਕੋਈ ਭਗਤ ਸਿੰਘ ਨਹੀਂ ਬਣ ਜਾਂਦਾ। ਉਨ੍ਹਾਂ ਕਿਹਾ ਕਿ ਨਵੀਂ ਕਾਂਗਰਸ ਬਣਾਈ ਜਾਵੇਗੀ, ਜਿਸ ’ਚ ਪੁਰਾਣੇ ਅਤੇ ਨਵੇਂ ਆਗੂਆਂ ਨੂੰ ਸਨਮਾਨ ਦਿੱਤਾ ਜਾਵੇਗਾ। ਪੁਰਾਣੇ ਆਗੂ ਉਨ੍ਹਾਂ ਦਾ ਮਾਰਗ ਦਰਸ਼ਨ ਕਰਨਗੇ ਤੇ ਯੂਥ ਆਪਣੀ ਤਾਕਤ ਦੀ ਵਰਤੋਂ ਕਰ ਕੇ ਕੰਮ ਕਰਨਗੇ। ਇਸ ਦੌਰਾਨ ਕਾਂਗਰਸੀ ਕੌਂਸਲਰਾਂ ਵੱਲੋਂ ਪ੍ਰਧਾਨ ਰਾਜਾ ਵੜਿੰਗ ਤੇ ਵਰਕਿੰਗ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਦਾ ਸਨਮਾਨ ਕੀਤਾ ਗਿਆ।
ਕਾਂਗਰਸ ਨੇ ਮੇਅਰ ਹਾਊਸ ਦੀ ਮਰਿਆਦਾ ਭੰਗ ਕੀਤੀ: ਗੋਗੀ
ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਰਾ ਕੇ ਵਿਧਾਇਕ ਬਣੇ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਅੱਜ ਕਾਂਗਰਸ ਨੇ ਮੇਅਰ ਹਾਊਸ ਦੀ ਮਰਿਆਦਾ ਭੰਗ ਕਰ ਦਿੱਤੀ ਹੈ। ਮੇਅਰ ਹਾਊਸ ਸਾਰਿਆਂ ਦਾ ਹੁੰਦਾ ਹੈ ਨਾ ਕਿ ਕਿਸੇ ਇੱਕ ਪਾਰਟੀ ਦਾ। ਉੱਥੇ ਕਿਸੇ ਵੀ ਪਾਰਟੀ ਦੀ ਮੀਟਿੰਗ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਾਂਗਰਸ ਨੂੰ ਕਾਂਗਰਸ ਦੇ ਦਫ਼ਤਰ ’ਚ ਇਹ ਪ੍ਰੋਗਰਾਮ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਮੇਅਰ ਬਲਕਾਰ ਸਿੰਘ ਸੰਧੂ ਨੇ ਮੇਅਰ ਹਾਊਸ ਨੂੰ ਕਾਂਗਰਸ ਦਾ ਦਫ਼ਤਰ ਬਣਾ ਦਿੱਤਾ ਜੋ ਕਿ ਗਲਤ ਹੈ।
ਕਿਸੇ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ: ਮੇਅਰ
ਮੇਅਰ ਬਲਕਾਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਰਿਹਾਇਸ਼ ਹੈ, ਜਿੱਥੇ ਉਹ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਸੀਨੀਅਰ ਆਗੂ ਨੂੰ ਬੁਲਾ ਕੇ ਆਪਣੇ ਕਾਂਗਰਸੀ ਕੌਂਸਲਰਾਂ ਨਾਲ ਚਾਹ ਪਿਲਾਈ ਹੈ। ਉਸ ਵਿੱਚ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਮੇਅਰ ਨੇ ਕਿਹਾ ਕਿ ਜੇਕਰ ਉਹ ਆਪਣੇ ਦਫ਼ਤਰ ਵਿੱਚ ਕਿਸੇ ਨੂੰ ਬੁਲਾਉਂਦੇ ਤਾਂ ਗਲਤ ਸੀ। ਇਸ ਵਿੱਚ ਕੁਝ ਗਲਤ ਨਹੀਂ ਹੈ। ਕੁਝ ਲੋਕ ਸਿਆਸੀ ਰੰਜਿਸ਼ ਕੱਢਣ ਲਈ ਅਜਿਹੀਆਂ ਗੱਲਾਂ ਕਰਦੇ ਹਨ, ਜੋ ਕਿ ਸਰਾਸਰ ਗਲਤ ਹੈ।