ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਦਸੰਬਰ
ਸਾਹਨੇਵਾਲ ਹਵਾਈ ਅੱਡੇ ’ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲਗਾਏ ਜਾਣ ’ਤੇ ਲੁਧਿਆਣਾ ਦੇ ਸਾਬਕਾ ਯੂਥ ਕਾਂਗਰਸ ਦੇ ਪ੍ਰਧਾਨ ਰਾਜੀਵ ਰਾਜਾ ਨੇ ਸਵਾਲ ਚੁੱਕੇ ਹਨ।
ਉਨ੍ਹਾਂ ਦੋਸ਼ ਲਗਾਏ ਕਿ ਇਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਸਰਕਾਰੀ ਸੰਸਥਾਵਾਂ ਦਾ ਭਗਵਾਂਕਰਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਵੇਂ ਸਰਕਾਰ ਕਾਂਗਰਸ ਦੀ ਹੈ ਪਰ ਫਿਰ ਵੀ ਕੇਂਦਰ ਦੇ ਅਧੀਨ ਆਉਣ ਵਾਲੀਆਂ ਸਰਕਾਰੀ ਸੰਸਥਾਵਾਂ ਵਿੱਚ ਕੇਂਦਰ ਸਰਕਾਰ ਧੱਕੇ ਦੇ ਨਾਲ ਰਾਸ਼ਟਰਪਤੀ ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀਆਂ ਫੋਟੋਆਂ ਲਗਾ ਰਹੀ ਹੈ, ਉਨ੍ਹਾਂ ਕਿਹਾ ਕਿ ਏਅਰਪੋਰਟ ’ਤੇ ਨਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲੱਗੀ ਹੈ ਤੇ ਨਾਂ ਹੀ ਸਾਹਨੇਵਾਲ ਇਲਾਕੇ ਦੇ ਐੱਮਪੀ ਅਮਰ ਸਿੰਘ ਬੋਪਾਰਾਏ ਦੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਭਗਵਾਂ ਕਰਨ ਕਰਨ ਦੀ ਨੀਤੀ ਤਹਿਤ ਇਹ ਸਭ ਕੁਝ ਕਰ ਰਹੀ ਹੈ। ਰਾਜਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੋਵਾਂ ਨੂੰ ਚਿੱਠੀਆਂ ਲਿੱਖੀਆਂ ਹਨ ਕਿ ਸਾਹਨੇਵਾਲ ਦੇ ਏਅਰਪੋਰਟ ਤੋਂ ਰਾਸ਼ਟਰਪਤੀ ਤੇ ਪ੍ਰਧਾਨਮੰਤਰੀ ਦੋਵਾਂ ਦੀ ਫੋਟੋ ਨੂੰ ਉਤਾਰਿਆ ਜਾਵੇ।