ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 6 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ 10 ਜਨਵਰੀ ਨੂੰ ਬਰਨਾਲਾ ਵਿੱਚ ਹੋ ਰਹੀ ਜੂਝਾਰ ਰੈਲੀ ਦੀ ਤਿਆਰੀ ਸਬੰਧੀ ਇਲਾਕੇ ਭਰ ’ਚ ਤਿਆਰੀ ਮੀਟਿੰਗਾਂ ਲਗਾਤਾਰ ਜਾਰੀ ਹਨ। ਅੱਜ ਵੀ ਕਈ ਪਿੰਡਾਂ ’ਚ ਹੋਈਆਂ ਮੀਟਿੰਗਾਂ ਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ।
ਬੇਟ ਇਲਾਕੇ ’ਚ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਜਥੇਬੰਦੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਉਚੇਚੇ ਤੌਰ ’ਤੇ ਪਹੁੰਚੇ। ਇਨ੍ਹਾਂ ਮੀਟਿੰਗਾਂ ਦੌਰਾਨ ਧਨੇਰ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਸਿੱਧਵਾਂ, ਰਾਮਸ਼ਰਨ ਸਿੰਘ ਰਸੂਲਪੁਰ, ਪਰਵਾਰ ਸਿੰਘ ਗਾਲਬਿ, ਧਰਮ ਸਿੰਘ ਸੂਜਾਪੁਰ ਆਦਿ ਨੇ ਕਿਹਾ ਕਿ ਕਿਸਾਨੀ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਬੀਕੇਯੂ ਜਥੇਬੰਦੀ ਵੱਲੋਂ 10 ਜਨਵਰੀ ਨੂੰ ਬਰਨਾਲਾ ਦੀ ਦਾਣਾ ਮੰਡੀ ਵਿਖੇ ਇਕ ਇਤਿਹਾਸਕ ਜੂਝਾਰ ਰੈਲੀ ਦੀਆਂ ਤਿਆਰੀਆਂ ਸਮੁੱਚੇ ਜ਼ਿਲ੍ਹੇ ’ਚ ਮੌਸਮ ਦੀ ਖਰਾਬੀ ਦੇ ਬਾਵਜੂਦ ਪੂਰੇ ਜ਼ੋਰ-ਸ਼ੋਰ ਨਾਲ ਜਾਰੀ ਹਨ।
ਉਨ੍ਹਾਂ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਜਗਰਾਉਂ, ਰਾਏਕੋਟ, ਸਿੱਧਵਾਂ ਬੇਟ, ਹੰਬੜਾਂ, ਸੁਧਾਰ, ਪੱਖੋਵਾਲ ਅਧੀਨ ਪੈਂਦੇ ਸਾਰੇ ਹੀ ਪਿੰਡਾਂ ’ਚ ਕਿਸਾਨੀ ਦੀਆਂ ਮੀਟਿੰਗਾਂ ਦਾ ਦੌਰ ਨਿਰੰਤਰ ਜਾਰੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਵਿਧਾਨ ਸਭਾ ਚੋਣਾਂ ’ਚ ਹਿੱਸਾ ਨਾ ਲੈਣ ਦਾ ਫ਼ੈਸਲਾ ਲਿਆ ਹੈ ਅਤੇ ਇਹ ਰੈਲੀ ਸਿਰਫ ਤੇ ਸਿਰਫ ਕਿਸਾਨੀ ਮੰਗਾਂ ’ਤੇ ਧਿਆਨ ਕੇਂਦਰਿਤ ਕਰਨ ਲਈ ਰੱਖੀ ਹੈ।