ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਸਤੰਬਰ
ਸਥਾਨਕ ਹੰਬੜਾਂ ਰੋਡ ’ਤੇ ਕਪਿਲ ਪਾਰਕ ਨੇੜੇ ਰਹਿੰਦੇ ਲੋਕਾਂ ਨੇ ਮੁਹੱਲੇ ਵਿੱਚ ਡੇਅਰੀ ਕੰਪਲੈਕਸ ਹੈਬੋਵਾਲ ਦਾ ਗੋਹੇ ਵਾਲਾ ਪਾਣੀ ਸੁਧਾਰਨ ਵਾਲੇ ਈਟੀਪੀ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਰਿਹਾਇਸ਼ੀ ਇਲਾਕੇ ਵਿੱਚ ਡੇਅਰੀਆਂ ਦੇ ਗੋਹੇ ਅਤੇ ਮਲ ਮੂਤਰ ਵਾਲੇ ਗੰਦੇ ਪਾਣੀ ਨੂੰ ਇਕੱਠਾ ਕਰਕੇ ਟਰੀਟ ਕਰਨ ਨਾਲ ਇੱਥੇ ਨਾ ਸਿਰਫ ਬਦਬੂ ਫੈਲੇਗੀ ਸਗੋਂ ਮੱਖੀ, ਮੱਛਰ ਦੇ ਨਾਲ-ਨਾਲ ਬਿਮਾਰੀਆਂ ਫੈਲਣ ਦਾ ਵੀ ਖਦਸ਼ਾ ਹੈ। ਉਨ੍ਹਾਂ ਨੇ ਇਸ ਈਟੀਪੀ ਨੂੰ ਕਿਸੇ ਗੈਰ ਰਿਹਾਇਸ਼ੀ ਇਲਾਕੇ ਵਿੱਚ ਲੈ ਜਾਣ ਦੀ ਮੰਗ ਕੀਤੀ ਹੈ। ਇਸ ਮੌਕੇ ਹੋਏ ਇਕੱਠ ਦੌਰਾਨ ਇਲਾਕਾ ਨਿਵਾਸੀ ਬਲਵਿੰਦਰ ਕੌਰ ਨੇ ਕਿਹਾ ਕਿ ਡੇਅਰੀਆਂ ਨੇੜੇ ਹੋਣ ਕਰ ਕੇ ਇਹ ਇਲਾਕਾ ਪਹਿਲਾਂ ਹੀ ਪੱਛੜਿਆ ਹੋਇਆ ਹੈ। ਉਨ੍ਹਾਂ ਵੱਲੋਂ ਤਾਂ ਪਸ਼ੂਆਂ ਨੂੰ ਬਾਹਰ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ ਉਲਟਾ ਸਰਕਾਰ ਇਹ ਪਲਾਂਟ ਲਾ ਕੇ ਡੇਅਰੀਆਂ ਦੇ ਬਾਹਰ ਜਾਣ ਦੀ ਉਮੀਦ ’ਤੇ ਪਾਣੀ ਫੇਰ ਰਹੀ ਹੈ। ਚੇਂਜ ਮੇਕਰ ਵਿਸਲ ਬਲੋਅਰ ਸੰਸਥਾ ਦੇ ਆਗੂ ਸੰਨੀ ਭਰਤੀਆ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਬੁੱਢੇ ਦਰਿਆ ਦੀ ਪੁਨਰ ਸੁਰਜੀਤੀ ਦੇ ਨਾਂ ’ਤੇ ਇੱਕ ਗਲਤ ਪ੍ਰਾਜੈਕਟ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦਾ ਫਾਇਦਾ ਘੱਟ ਅਤੇ ਨੁਕਸਾਨ ਵੱਧ ਹੋਵੇਗਾ। ਪਬਲਿਕ ਐਕਸ਼ਨ ਕਮੇਟੀ ਦੇ ਕਪਿਲ ਅਰੋੜਾ ਨੇ ਦੱਸਿਆ ਕਿ ਗੋਹੇ ਨੂੰ ਟਰੀਟ ਕਰਨਾ ਬਹੁਤ ਔਖਾ ਹੈ। ਪੀਏਸੀ ਦੇ ਜਸਕੀਰਤ ਸਿੰਘ ਨੇ ਕਿਹਾ ਕਿ ਬੁੱਢੇ ਨਾਲੇ ਦੀ ਪੁਨਰ ਸੁਰਜੀਤੀ ਪ੍ਰਾਜੈਕਟ ਦਾ ਇੱਕੋ ਹੱਲ ਡੇਅਰੀਆਂ ਨੂੰ ਨੇੜਲੇ ਪਿੰਡਾਂ ਵਿੱਚ ਭੇਜਣਾ ਹੈ, ਜਿੱਥੇ ਉਨ੍ਹਾਂ ਦਾ ਗੋਹਾ ਖੇਤੀ ਦੇ ਕੰਮ ਆਵੇ। ਉਨ੍ਹਾਂ ਦੱਸਿਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਬਕਾ ਚੇਅਰਮੈਨ ਕਾਹਨ ਸਿੰਘ ਪੰਨੂ ਅਤੇ ਬੁੱਢਾ ਦਰਿਆ ਟਾਸਕ ਫੋਰਸ ਦੇ ਮੈਂਬਰ ਕਰਨਲ ਜੇਐੱਸ ਗਿੱਲ ਨੇ ਬਹੁਤ ਵਾਰ ਇਹ ਗੱਲ ਉਠਾਈ ਹੈ ਕਿ ਈਟੀਪੀ ਗੋਹੇ ਦਾ ਹੱਲ ਨਹੀਂ ਪਰ ਸਰਕਾਰ ਮਾਹਿਰਾਂ ਦੀ ਬਜਾਏ ਅਫਸਰਸ਼ਾਹੀ ਦੇ ਮਗਰ ਲੱਗ ਕੇ ਲੋਕਾਂ ਦਾ ਪੈਸਾ ਅਤੇ ਸਮਾਂ ਬਰਬਾਦ ਕਰਨ ’ਤੇ ਤੁਲੀ ਹੋਈ ਹੈ।