ਜਸਬੀਰ ਸਿੰਘ ਸ਼ੇਤਰਾ, ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 14 ਅਪਰੈਲ
ਸਤਲੁਜ ਦਰਿਆ ’ਚ ਫੈਕਟਰੀਆਂ ਦੇ ਕੈਮੀਕਲ, ਡੇਅਰੀਆਂ ਦਾ ਮਲਬਾ ਤੇ ਹੋਰ ਗੰਦਗੀ ਸੁੱਟਣ ਵਾਂਗ ਇਥੋਂ ਲੰਘਦੀ ਅਬੋਹਰ ਬਰਾਂਚ ਦੀ ਅਖਾੜਾ ਨਹਿਰ ’ਚ ਵੀ ਲੋਕ ਗੰਦਗੀ ਸੁੱਟਣ ਲੱਗੇ ਹਨ। ਗਰੀਨ ਮਿਸ਼ਨ ਟੀਮ ਪੰਜਾਬ ਅੱਜ ਅਖਾੜਾ ਨਹਿਰ ਦੇ ਪੁਲ ’ਤੇ ਪਹੁੰਚੀ ਅਤੇ ਉਥੇ ਸੁੱਟੀ ਜਾਂਦੀ ਗੰਦਗੀ ਤੋਂ ਜਾਣੂ ਕਰਵਾਇਆ। ਇਹ ਗੰਦਗੀ ਤੇ ਮਲਬਾ ਆਦਿ ਨਹਿਰ ’ਚ ਸੁੱਟੇ ਜਾਣ ਦਾ ਵਿਰੋਧ ਕਰਦਿਆਂ ਸਰਕਾਰ ਤੋਂ ਪਾਣੀਆਂ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਰੋਕ ਲਾਉਣ ਦੀ ਮੰਗ ਕੀਤੀ। ਇਸ ਮਾਮਲੇ ’ਚ ਪ੍ਰਸ਼ਾਸਨ ’ਤੇ ਕੁੰਭਕਰਨੀ ਨੀਂਦ ਸੁੱਤੇ ਹੋਣ ਦਾ ਦੋਸ਼ ਮੜ੍ਹਦਿਆਂ ਟੀਮ ਦੇ ਕਾਰਕੁਨਾਂ ਨੇ ਕਿਹਾ ਕਿ ਜੇਕਰ ਜਲਦ ਇਸ ਦਿਸ਼ਾ ’ਚ ਪ੍ਰਭਾਵੀ ਕਦਮ ਨਾ ਚੁੱਕੇ ਗਏ ਤਾਂ ਉਹ ਸੰਘਰਸ਼ ਕਰਨ ਅਤੇ ਧਰਨਾ ਦੇਣ ਲਈ ਮਜਬੂਰ ਹੋਣਗੇ। ਇਸ ਸਮੇਂ ਟੀਮ ’ਚ ਸ਼ਾਮਲ ਡਾ. ਜਸਵੰਤ ਸਿੰਘ ਢਿੱਲੋਂ, ਕੇਵਲ ਮਲਹੋਤਰਾ, ਕੰਚਨ ਗੁਪਤਾ, ਸਤਪਾਲ ਸਿੰਘ ਦੇਹੜਕਾ, ਮਾਸਟਰ ਹਰਨਾਰਾਇੰਣ ਸਿੰਘ ਅਤੇ ਲਖਵਿੰਦਰ ਧੰਜਲ ਨੇ ਦੱਸਿਆ ਕਿ ਟੀਮ ਦੇ ਮੈਂਬਰ ਜਦੋਂ ਇਸ ਥਾਂ ਤੋਂ ਲੰਘ ਰਹੇ ਸਨ ਤਾਂ ਕੁਝ ਲੋਕਾਂ ਨੂੰ ਨਹਿਰ ’ਚ ਬੋਰੀਆਂ ’ਚ ਭਰੀ ਗੰਦਗੀ ਸੁੱਟਦਿਆਂ ਦੇਖਿਆ। ਟੀਮ ਅੱਜ ਨਹਿਰ ਕੰਢੇ ਪਹੁੰਚੀ ਤਾਂ ਉਥੇ ਬੱਚਿਆਂ ਦੇ ਡੈਪਰ, ਪੈਡ ਤੇ ਕੁਝ ਹੋਰ ਚੀਜ਼ਾਂ ਮਿਲੀਆਂ। ਗਰੀਨ ਮਿਸ਼ਨ ਟੀਮ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਨਹਿਰ ’ਚ ਗੰਦਗੀ ਸੁੱਟਣ ਤੋਂ ਰੋਕਣ ਲਈ ਜਾਗਰੂਕ ਕਰਨ ਦੀ ਲੋੜ ਹੈ ਤਾਂ ਜੋ ਕੁਦਰਤੀ ਸਰੋਤ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਡਾ. ਢਿੱਲੋਂ ਨੇ ਕਿਹਾ ਕਿ ਅਜਿਹੀ ਗੰਦਗੀ ਜਾਂ ਕੂੜਾ ਕਿਤੇ ਵੀ ਹੋਰ ਥਾਂ ਨਜ਼ਰ ਆਉਣ ’ਤੇ ਵੀ ਇਤਰਾਜ਼ ਹੁੰਦਾ ਹੈ, ਪਰ ਇਹ ਸਿੱਧਾ ਨਹਿਰੀ ਪਾਣੀ ’ਚ ਸੁੱਟਣਾ ਬਿਲਕੁਲ ਸਹਿਣਯੋਗ ਨਹੀਂ। ਇਨ੍ਹਾਂ ਕਾਰਕੁਨਾਂ ਨੇ ਕਿਹਾ ਕਿ ਲੋਕਾਂ ਨੂੰ ਪਾਣੀ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ।