ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਮਾਰਚ
ਪੰਜਾਬ ਸਰਕਾਰ ਵੱਲੋਂ ਕਿਸਾਨੀ ਸਮੇਤ ਹੋਰਨਾਂ ਤਬਕਿਆਂ ਦੇ ਸੰਘਰਸ਼ਾਂ ਨੂੰ ਦਬਾਉਣ ਲਈ ਜਨਤਕ ਇਕੱਠਾਂ ’ਤੇ ਪਾਬੰਦੀ ਲਗਾ ਕੇ ਲੋਕਾਂ ਨੂੰ ਘਰਾਂ ‘ਚ ਡੱਕਣ, ਪ੍ਰੀਖਿਆਵਾਂ ਟਾਲਦਿਆਂ ਸਕੂਲ ਬੰਦ ਕਰਕੇ ਸਿੱਖਣ ਸਿਖਾਉਣ ਨੂੰ ਮੁੜ ਤਬਾਹੀ ਵੱਲ ਧੱਕਣ ਅਤੇ ਗ਼ੈਰ ਵਿਗਿਆਨਕ ਮਿਸ਼ਨ ਸੌ ਪ੍ਰਤੀਸ਼ਤ ਨੂੰ ਸਹੀ ਸਿੱਧ ਕਰਨ ਦਾ ਆਧਾਰ ਤਿਆਰ ਕਰਨ ਦੀ, ਡੈਮੋਕਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਨੇ ਸਖਤ ਨਿਖੇਧੀ ਕੀਤੀ ਹੈ। ਇਸ ਦੇ ਨਾਲ ਹੀ ਡੀਟੀਐੱਫ ਨੇ ਸਾਰੇ ਜਾਗਰੂਕ ਲੋਕਾਂ ਨੂੰ ਪੰਜਾਬ ਸਰਕਾਰ ਦੀ ਇਸ ਸਿਆਸੀ ਡਰਾਮੇਬਾਜ਼ੀ ਨੂੰ ਮਿਲ ਕੇ ਨੱਥ ਪਾਉਣ ਦਾ ਵੀ ਸੱਦਾ ਦਿੱਤਾ ਹੈ।
ਡੀ.ਟੀ.ਐੱਫ. ਲਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਅਕਾਲਗੜ੍ਹ, ਜਨਰਲ ਸਕੱਤਰ ਰੁਪਿੰਦਰਪਾਲ ਗਿੱਲ ਅਤੇ ਮੀਤ ਪ੍ਰਧਾਨ ਰਮਨਜੀਤ ਸੰਧੂ ਨੇ ਕਿਹਾ ਕਿ ਮਿਉਂਸਿਪਲ ਚੋਣਾਂ ਕਰਵਾਉਣ ਵਾਲੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਪੈੜ ਵਿੱਚ ਪੈਰ ਧਰਦਿਆਂ ਕਰੋਨਾ ਲਾਗ ਦੇ ਫੈਲਾਅ ਦਾ ਫਰਜ਼ੀ ਡਰ ਖੜ੍ਹਾ ਕਰਕੇ ਰਾਤ ਦਾ ਕਰਫ਼ਿਊ ਥੋਪਣ ਤੋਂ ਬਾਅਦ ਹੁਣ 31 ਮਾਰਚ ਤੱਕ ਸਕੂਲ-ਕਾਲਜ ਬੰਦ ਕਰਨ ਅਤੇ ਜਨਤਕ ਇਕੱਠਾਂ ਤੇ ਪਾਬੰਦੀਆਂ ਮੜ੍ਹਨ ਦਾ ਗ਼ੈਰਵਾਜਬ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੀ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਸੁਖਵਿੰਦਰ ਲੀਲ ਤੇ ਹਰਭਜਨ ਸਿੱਧੂ ਸਣੇ ਹੋਰਨਾਂ ਆਗੂਆਂ ਨੇ ਪੰਜਾਬ ਸਰਕਾਰ ਤੋਂ ਜਨਤਕ ਇਕੱਠਾਂ ‘ਤੇ ਪਾਬੰਦੀ ਲਗਾਉਣ ਤੇ ਸਕੂਲ ਬੰਦ ਕਰਨ ਦਾ ਫ਼ੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ।