ਜੋਗਿੰਦਰ ਸਿੰਘ ਓਬਰਾਏ
ਖੰਨਾ, 17 ਜੂਨ
ਅੱਜ ਇਥੋਂ ਦੇ ਅਮਲੋਹ ਰੋਡ ਸਥਿਤ ਜਗਜੀਤ ਨਗਰ ਕਲੋਨੀ ਵਿਚ ਨਗਰ ਕੌਂਸਲ ਵੱਲੋਂ ਸੀਵਰੇਜ ਡਿਸਪੋਜ਼ਲ ਪਲਾਂਟ ਬਣਾਉਣ ਦੇ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲਿਆ ਜਦੋਂ ਸੀਵਰੇਜ ਬੋਰਡ ਤੇ ਪੁਲੀਸ ਅਧਿਕਾਰੀਆਂ ਦੇ ਆਉਣ ਤੋਂ ਪਹਿਲਾਂ ਕੰਮ ਨੂੰ ਰੋਕਣ ਲਈ ਇਲਾਕੇ ਦੇ ਲੋਕਾਂ ਵੱਲੋਂ ਕਲੋਨੀ ਦੇ ਗੇਟ ਨੂੰ ਤਾਲਾ ਲਗਾਉਣ ਅਤੇ ਪੁਲੀਸ ’ਤੇ ਇੱਟਾਂ ਵਰਾਉਣ ਨੂੰ ਲੈ ਕੇ ਮਾਮਲਾ ਭਖ਼ ਗਿਆ ਤੇ ਇਸ ਦੌਰਾਨ ਇੱਕ ਪੱਤਰਕਾਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।
ਜਾਣਕਾਰੀ ਅਨੁਸਾਰ ਅੱਜ ਦੁਪਹਿਰ ਜਦੋਂ ਸੀਵਰੇਜ ਬੋਰਡ ਦੇ ਮੈਂਬਰ ਪੁਲੀਸ ਅਧਿਕਾਰੀਆਂ ਸਮੇਤ ਕਲੋਨੀ ਵਿਚ ਕੰਮ ਸ਼ੁਰੂ ਕਰਵਾਉਣ ਪੁੱਜੇ ਤਾਂ ਸਥਾਨਕ ਵਾਸੀਆਂ ਨੇ ਕਲੋਨੀ ਦੇ ਗੇਟ ਨੂੰ ਪਹਿਲਾਂ ਹੀ ਦੋਵਾਂ ਪਾਸਿਆਂ ਤੋਂ ਤਾਲਾ ਲਾ ਦਿੱਤਾ ਤੇ ਵੀਡੀਓਗ੍ਰਾਫੀ ਕਰਨੀ ਸ਼ੁਰੂ ਕਰ ਦਿੱਤੀ। ਸੀਵਰੇਜ ਬੋਰਡ ਕਰਮੀ ਤੇ ਪੁਲੀਸ ਅਧਿਕਾਰੀ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਏ ਤੇ ਕੰਮ ਵਿਚ ਅੜਿੱਕਾ ਪਾਉਣ ਵਾਲੇ ਮੁਹੱਲਾ ਵਾਸੀਆਂ ਨੂੰ ਰੋਕਿਆ ਤਾਂ ਉਸ ਵੇਲੇ ਵੀਡੀਓਗ੍ਰਾਫੀ ਕਰ ਰਹੇ ਇੱਕ ਨੌਜਵਾਨ ਨੂੰ ਪੁਲੀਸ ਵੱਲੋਂ ਕਾਬੂ ਕਰਨ ’ਤੇ ਇੱਕ ਹੋਰ ਨੌਜਵਾਨ ਨੇ ਕੋਠੇ ‘ਤੇ ਖੜ੍ਹੇ ਹੋ ਕੇ ਪੁਲੀਸ ’ਤੇ ਇੱਟਾਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ। ਉੱਥੇ ਮੌਜੂਦ ਪੱਤਰਕਾਰ ਪਰਮਜੀਤ ਸਿੰਘ ਧੀਮਾਨ ਦੀ ਛਾਤੀ ’ਤੇ ਇਕ ਇੱਟ ਵੱਜੀ ਜਿਸ ਨਾਲ ਉਹ ਬੇਹੋਸ਼ ਹੋ ਕੇ ਡਿੱਗ ਪਿਆ ਤੇ ਉਸ ਦੀ ਛਾਤੀ ’ਚੋਂ ਖ਼ੂਨ ਵਗਣਾ ਸ਼ੁਰੂ ਹੋ ਗਿਆ। ਉਸ ਨੂੰ ਤੁਰੰਤ ਇਥੋਂ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਸਦਾ ਇਲਾਜ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਪੁਲੀਸ ਨੇ ਹਮਲਾ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰ ਕੇ ਉਸ ਵਿਰੁੱਧ ਕੇਸ ਦਰਜ ਕਰ ਲਿਆ ਹੈ।