ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਦਸੰਬਰ
ਸਮਾਰਟ ਸ਼ਹਿਰ ਨੂੰ ਹੋਰ ਸਮਾਰਟ ਬਣਾ ਰਹੇ ਖੰਭਿਆਂ ’ਤੇ ਲੱਗੇ ਸਰਕਾਰ ਦੇ ਵਿਕਾਸ ਨੂੰ ਦਿਖਾਉਂਦੇ ਫਲੈਕਸ ਬੋਰਡਾਂ ’ਤੇ ਵਿਰੋਧੀ ਪਾਰਟੀਆਂ ਨੇ ਸਵਾਲ ਉਠਾਉਂਦਿਆਂ ਜ਼ੋਰਦਾਰ ਨਿਖੇਧੀ ਕੀਤੀ ਹੈ। ‘ਆਪ’ ਦੇ ਹਲਕਾ ਪੂਰਬੀ ਤੋਂ ਉਮੀਦਵਾਰ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ ਲੋਕਾਂ ਤੋਂ ਟੈਕਸਾਂ ਦੇ ਰੂਪ ਵਿੱਚ ਲਏੇ ਇੱਕ-ਇੱਕ ਪੈਸੇ ਦੇ ਖਰਚ ਦਾ ਹਿਸਾਬ ਲਿਆ ਜਾਵੇਗਾ।
ਸੂਬਾ ਸਰਕਾਰ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਕੀਤੇ ਵਿਕਾਸ ਕਾਰਜਾਂ ਨੂੰ ਦਰਸਾਉਂਦੇ ਸ਼ਹਿਰ ਵਿੱਚ ਲੱਗੇ ਖੰਭਿਆਂ ਅਤੇ ਹੋਰ ਸਬੰਧਤ ਥਾਵਾਂ ’ਤੇ ਫਲੈਕਸ ਬੋਰਡ ਲਾਏ ਗਏ ਹਨ। ਜਿਉਂ ਜਿਉਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਇਨਾਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਹਰ ਚੌਕ, ਗਲੀ ਵਿੱਚ ਵਿਕਾਸ ਦੇ ਬੈਨਰ ਲੱਗੇ ਆਮ ਦੇਖੇ ਜਾ ਸਕਦੇ ਹਨ। ਇਨਾਂ ਵਿਕਾਸ ਨੂੰ ਦਰਸਾਉਂਦੇ ਫਲੈਕਸਾਂ ’ਤੇ ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਸਵਾਲ ਉਠਾਏ ਹਨ। ਅਕਾਲੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਹਕੀਕਤ ਨਾਲੋਂ ਫਲੈਕਸਾਂ ਲਗਾਉਣ ਵਿੱਚ ਵਿਕਾਸ ਵੱਧ ਹੋਇਆ ਹੈ। ਕਈ ਫਲੈਕਸਾਂ ’ਤੇ ਲਿਖੀ ਅਧੂਰੀ ਸ਼ਬਦਾਵਲੀ ਵੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਉਂਦੀ ਪ੍ਰਤੀਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਗਰੀਬ ਦੀ ਕੀਤੀ ਸਹਾਇਤਾਂ ਨਾਲੋਂ ਕਈ ਗੁਣਾਂ ਵੱਧ ਰਕਮ ਫਲੈਕਸਾਂ ’ਤੇ ਖਰਚ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਹਲਕਾ ਪੂਰਬੀ ਤੋਂ ਉਮੀਦਵਾਰ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕਿਹਾ ਕਿ ਜ਼ਮੀਨੀ ਪੱਧਰ ’ਤੇ ਵਿਕਾਸ ਨਹੀਂ ਹੋਇਆ। ਮੌਜੂਦਾ ਸਰਕਾਰ ਵੱਲੋਂ ਲੋਕਾਂ ਤੋਂ ਟੈਕਸਾਂ ਦੇ ਰੂਪ ਵਿੱਚ ਇਕੱਠੇ ਕੀਤੇ ਪੈਸੇ ਨੂੰ ਫਲੈਕਸਾਂ ਦੀ ਭਰਮਾਰ ਕਰ ਕੇ ਬਰਬਾਦ ਕੀਤਾ ਜਾ ਰਿਹਾ ਹੈ। ਜੇਕਰ ਸੂਬੇ ਵਿੱਚ ‘ਆਪ’ ਦੀ ਸਰਕਾਰ ਬਣਦੀ ਹੈ ਤਾਂ ਇਨ੍ਹਾਂ ਫਲੈਕਸਾਂ ’ਤੇ ਲਾਏ ਇੱਕ-ਇੱਕ ਪੈਸੇ ਦਾ ਹਿਸਾਬ ਕਿਤਾਬ ਲਿਆ ਜਾਵੇਗਾ।