ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਸਤੰਬਰ
ਸਨਅਤੀ ਸ਼ਹਿਰ ਦੇ ਸ਼ਿੰਗਾਰ ਸਿਨੇਮਾ ਰੋਡ ’ਤੇ ਸਾਬਕਾ ਵਿਧਾਇਕ ਦੇ ਕਰੀਬੀ ਦੀ ਬਿਨਾਂ ਨਕਸ਼ਾ ਪਾਸ ਕਰਵਾਏ ਬਣ ਰਹੀ ਬਿਲਡਿੰਗ ’ਤੇ ਕਾਰਵਾਈ ਕਰਨ ਦੇ ਲਈ ਨਗਰ ਨਿਗਮ ਦੀ ਟੀਮ ਪੁੱਜ ਗਈ। ਜਦੋਂ ਮੌਕੇ ’ਤੇ ਜੇਸੀਬੀ ਮਸ਼ੀਨ ਦੇ ਨਾਲ ਬਿਲਡਿੰਗ ਦਾ ਹਿੱਸਾ ਤੋੜਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਮੌਕੇ ’ਤੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਵਿਰੋਧ ਕਾਫ਼ੀ ਜ਼ਿਆਦਾ ਹੋ ਗਿਆ ਤਾਂ ਨਗਰ ਨਿਗਮ ਨੂੰ ਕਾਰਵਾਈ ਵਿਚਾਲੇ ਹੀ ਛੱਡਣੀ ਪਈ। ਨਗਰ ਨਿਗਮ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਬਿਲਡਿੰਗ ਦਾ ਚੇਂਜ ਆਫ਼ ਲੈਂਡ ਯੂਜ਼ ਤਾਂ ਕਰਵਾਇਆ ਗਿਆ ਸੀ ਪਰ ਹੁਣ ਬਿਨਾਂ ਨਕਸ਼ਾ ਪਾਸ ਕਰਵਾਏ ਇੱਥੇ 200 ਗਜ਼ ਦੀ ਵਾਪਰਕ ਬਿਲਡਿੰਗ ਖੜ੍ਹੀ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਵਿੱਚ ਬਿਲਡਿੰਗ ਦੋ ਮੰਜ਼ਿਲਾਂ ਬਣ ਚੁੱਕੀ ਸੀ। ਨਗਰ ਨਿਗਮ ਦੇ ਏਟੀਪੀ ਕੁਲਜੀਤ ਸਿੰਘ ਮਾਂਗਟ ਦਾ ਕਹਿਣਾ ਹੈ ਕਿ ਬਿਲਡਿੰਗ ਮਾਲਕ ਨੇ ਇਹ ਲਿਖਤੀ ਵਿੱਚ ਦਿੱਤਾ ਹੈ ਕਿ ਉਹ ਬਿਲਡਿੰਗ ਦੇ ਨਕਸ਼ਾ ਪਾਸ ਕਰਵਾਉਣ ਦਾ ਚੈੱਕ ਦੇ ਰਿਹਾ ਹੈ ਤੇ ਜੋ ਵੀ ਹਿੱਸਾ ਬਿਲਡਿੰਗ ਬਾਈਲਾਜ਼ ਦੀ ਉਲੰਘਣ ਕਰ ਰਿਹਾ ਹੈ, ਉਹ ਖੁਦ ਹੀ ਉਸ ਨੂੰ ਤੋੜ ਦਵਾਂਗੇ, ਇਸ ਕਰਕੇ ਨਗਰ ਨਿਗਮ ਨੇ ਆਪਣੀ ਕਾਰਵਾਈ ਪੂਰੀ ਨਹੀਂ ਕੀਤੀ ਸੀ।
ਸਾਬਕਾ ਵਿਧਾਇਕਾਂ ਤਲਵਾੜ ਤੇ ਡਾਵਰ ਵੱਲੋਂ ਪੱਖਪਾਤ ਦੇ ਦੋਸ਼
ਨਗਰ ਨਿਗਮ ਦਫ਼ਤਰ ਪੁੱਜੇ ਸਾਬਕਾ ਵਿਧਾਇਕ ਸੰਜੈ ਤਲਵਾੜ ਤੇ ਸਾਬਕਾ ਵਿਧਾਇਕ ਸੁਰਿੰਦਰ ਡਾਵਰ ਨੇ ਇਸ ਕਾਰਵਾਈ ਨੂੰ ਪੱਖਪਾਤੀ ਦੱਸਿਆ। ਸਾਬਕਾ ਵਿਧਾਇਕ ਤਲਵਾੜ ਨੇ ਦੋਸ਼ ਲਗਾਏ ਕਿ ਉਸ ਇਲਾਕੇ ਵਿੱਚ ਹੋਰ ਬਹੁਤ ਸਾਰੀਆਂ ਬਿਲਡਿੰਗਾਂ ਬਣ ਰਹੀਆਂ ਹਨ ਪਰ ਨਗਰ ਨਿਗਮ ਦੇ ਮੁਲਾਜ਼ਮ ਸਿਰਫ਼ ਕਾਂਗਰਸੀ ’ਤੇ ਕਾਰਵਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅਗਰ ਕਾਰਵਾਈ ਕਰਨੀ ਹੈ ਤਾਂ ਸਾਰੀਆਂ ਹੀ ਬਿਲਡਿੰਗਾਂ ’ਤੇ ਕੀਤੀ ਜਾਣੀ ਚਾਹੀਦੀ ਹੈ।