ਜਸਬੀਰ ਸ਼ੇਤਰਾ
ਜਗਰਾਉਂ, 3 ਅਪਰੈਲ
ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਹਲਕੇ ਦੇ ਕਈ ਪਿੰਡਾਂ ਦਾ ਧੰਨਵਾਦੀ ਦੌਰਾ ਕੀਤਾ। ਇਸ ਸਮੇਂ ਗੁਰੂਸਰ ਕਾਉਂਕੇ, ਕਾਉਂਕੇ, ਡਾਂਗੀਆਂ, ਰਸੂਲਪੁਰ, ਮੱਲ੍ਹਾ, ਸ਼ੇਰੇਵਾਲ, ਬਾਘੀਆਂ, ਮੰਡ ਤਿਹਾੜਾ, ਬਹਾਦਰਕੇ, ਸੋਢੀਵਾਲ, ਜਨੇਤਪੁਰਾ, ਲੀਲਾਂ ਆਦਿ ਪਿੰਡਾਂ ’ਚ ਉਨ੍ਹਾਂ ਦਾ ਹਮਾਇਤੀਆਂ ਨੇ ਭਰਵਾਂ ਸਵਾਗਤ ਕੀਤਾ।
ਇਸ ਮੌਕੇ ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਸੂਬੇ ’ਚ ਪੰਜਾਬੀਆਂ ਨੇ ਵੱਡਾ ਬਦਲਾਅ ਲਿਆਂਦਾ ਹੈ। ਭ੍ਰਿਸ਼ਟਾਚਾਰ ਤੋਂ ਅੱਕੇ ਲੋਕ ਨਿਜ਼ਾਤ ਪਾਉਣ ਲਈ ਹੁਣ ਮੁੱਖ ਮੰਤਰੀ ਤੱਕ ਸਿੱਧੀ ਆਪਣੀ ਸ਼ਿਕਾਇਤ ਪਹੁੰਚਦੀ ਕਰ ਸਕਦੇ ਹਨ। ਇਸੇ ਤਰ੍ਹਾਂ ਨਸ਼ਿਆਂ ਤੇ ਰੇਤ ਮਾਫ਼ੀਆ ਖ਼ਿਲਾਫ਼ ਵੀ ਰਣਨੀਤੀ ਘੜੀ ਜਾ ਰਹੀ ਹੈ। ਜਗਰਾਉਂ ਹਲਕੇ ’ਚ ਜੇਕਰ ਕੋਈ ਅਜਿਹਾ ਕੰਮ ਕਰਦਾ ਤਾਂ ਬੇਝਿਜਕ ਹੋ ਕੇ ਸਿੱਧੀ ਉਨ੍ਹਾਂ ਤੱਕ ਪਹੁੰਚ ਕੀਤੀ ਜਾਵੇ ਕਿਉਂਕਿ ‘ਆਪ’ ਸਰਕਾਰ ਕਿਸੇ ਕੀਮਤ ’ਤੇ ਕਿਸੇ ਕਿਸਮ ਦਾ ਮਾਫੀਆ ਸਹਿਣ ਨਹੀਂ ਕਰੇਗੀ।
ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਸਿਆਸੀ ਜ਼ਮੀਨ ’ਤੇ ਲੋਕਾਂ ਦਾ ਭਰੋਸਾ ਗੁਆ ਚੁੱਕੇ ਵਿਰੋਧੀ ਆਗੂ ਜਿੰਨਾ ਜਲਦੀ ਹੋਵੇ ਸੱਚ ਕਬੂਲ ਲੈਣ। ਇਹ ਵਿਰੋਧੀ ਨਕਾਰੇ ਜਾਣ ਤੋਂ ਬਾਅਦ ਵੀ ਨਵੀਂ ਬਣੀ ਸਰਕਾਰ ਖ਼ਿਲਾਫ਼ ਭੰਡੀ ਪ੍ਰਚਾਰ ਤੋਂ ਬਾਜ਼ ਨਹੀਂ ਆ ਰਹੇ ਜਦਕਿ ਲੋਕ ਇਨ੍ਹਾਂ ’ਤੇ ਰੱਤੀ ਭਰੋਸਾ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਾਰੀਆਂ ਗਾਰੰਟੀਆਂ ’ਤੇ ਵਾਅਦੇ ਪੂਰੇ ਕਰੇਗੀ। ਇਸ ਸਮੇਂ ਪ੍ਰੀਤਮ ਸਿੰਘ ਅਖਾੜਾ, ਕੁਲਵਿੰਦਰ ਸਿੰਘ ਕਾਲਾ, ਪ੍ਰੋ. ਸੁਖਵਿੰਦਰ ਸੁੱਖੀ, ਪਰਮਜੀਤ ਸਿੰਘ ਪੰਮਾ, ਛਿੰਦਰਪਾਲ ਸਿੰਘ ਮੀਨੀਆ ਤੇ ਜਗਦੇਵ ਸਿੰਘ ਆਦਿ ਮੌਜਦੂ ਸਨ।