ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 12 ਮਾਰਚ
ਮਾਛੀਵਾੜਾ ਪੁਲੀਸ ਵੱਲੋਂ ਪਿਛਲੇ 40 ਦਿਨਾਂ ’ਚ ਨਸ਼ੀਲੇ ਪਦਾਰਥਾਂ ਦਾ ਚੌਥਾ ਤਸਕਰ ਫੜ ਕੇ ਉਸ ਕੋਲੋਂ 400 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ ਅਤੇ ਹੁਣ ਤੱਕ ਕੁਝ ਹੀ ਦਿਨਾਂ ਵਿੱਚ ਪੁਲੀਸ ਵਲੋਂ 2 ਕਿੱਲੋ 400 ਗ੍ਰਾਮ ਅਫ਼ੀਮ ਬਰਾਮਦ ਕਰਨ ਤੋਂ ਬਾਅਦ ਹੁਣ ਇਹ ਚਰਚਾ ਛਿੜ ਪਈ ਹੈ ਕਿ ਮਾਛੀਵਾੜਾ ਇਲਾਕੇ ਦੇ ਲੋਕ ਅਫ਼ੀਮ ਖਾਣ ਦੇ ਐਨੇ ਸ਼ੌਕੀਨ ਹਨ ਜਿਸ ਕਾਰਨ ਇਸ ਪਦਾਰਥ ਦੀ ਸਪਲਾਈ ਐਨੀ ਜ਼ਿਆਦਾ ਹੈ। ਥਾਣਾ ਮਾਛੀਵਾੜਾ ਦੇ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਵਿਪਨ ਕੁਮਾਰ ਵੱਲੋਂ ਮਾਛੀਵਾੜਾ-ਸਮਰਾਲਾ ਰੋਡ ’ਤੇ ਗਸ਼ਤ ਕੀਤੀ ਜਾ ਰਹੀ ਸੀ ਕਿ ਇੱਕ ਮੋਟਰਸਾਈਕਲ ਸਵਾਰ ਪੁਲੀਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗਿਆ ਅਤੇ ਉਸ ਨੇ ਆਪਣੀ ਜੇਬ ’ਚੋਂ ਇੱਕ ਲਿਫ਼ਾਫਾ ਕੱਢ ਕੇ ਸੜਕ ’ਤੇ ਸੁੱਟ ਦਿੱਤਾ। ਪੁਲੀਸ ਵਲੋਂ ਤੁਰੰਤ ਉਸ ਨੂੰ ਕਾਬੂ ਕੀਤਾ ਗਿਆ ਜਿਸ ਦੀ ਪਛਾਣ ਕਾਰਜ ਸਿੰਘ ਵਾਸੀ ਅਜੀਤ ਨਗਰ, ਚੂਹੜਪੁਰ ਰੋਡ ਹੈਬੋਵਾਲ (ਲੁਧਿਆਣਾ) ਵਜੋਂ ਹੋਈ। ਉਸ ਵੱਲੋਂ ਸੁੱਟੇ ਗਏ ਲਿਫ਼ਾਫੇ ’ਚੋਂ 400 ਗ੍ਰਾਮ ਅਫ਼ੀਮ ਬਰਾਮਦ ਹੋਈ। ਥਾਣਾ ਮੁਖੀ ਨੇ ਦੱਸਿਆ ਕਿ ਮਾਛੀਵਾੜਾ ਪੁਲੀਸ 29 ਜਨਵਰੀ ਨੂੰ 1 ਕਿੱਲੋ ਅਫ਼ੀਮ ਸਮੇਤ 2 ਵਿਅਕਤੀ ਕਾਬੂ ਕੀਤੇ, 22 ਫਰਵਰੀ ਨੂੰ 600 ਗ੍ਰਾਮ ਅਫ਼ੀਮ ਸਮੇਤ ਇੱਕ ਤਸਕਰ ਕਾਬੂ ਕੀਤਾ, ਉਸ ਤੋਂ ਬਾਅਦ 400 ਗ੍ਰਾਮ ਅਫ਼ੀਮ ਸਮੇਤ 2 ਵਿਅਕਤੀ ਕਾਬੂ ਕੀਤੇ ਅਤੇ ਅੱਜ ਇੱਕ ਹੋਰ ਵਿਅਕਤੀ 400 ਗ੍ਰਾਮ ਅਫ਼ੀਮ ਸਮੇਤ ਕਾਬੂ ਕਰਕੇ ਹੁਣ ਤੱਕ 40 ਦਿਨਾਂ ’ਚ 2 ਕਿੱਲੋ 400 ਗ੍ਰਾਮ ਅਫ਼ੀਮ ਦੀ ਰਿਕਵਰੀ ਕੀਤੀ ਗਈ ਹੈ।