ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਜੂਨ
ਇੱਥੇ ਪੁਲੀਸ ਨੇ ਇਕ ਵਿਅਕਤੀ ਨੂੰ ਦੋ ਕਿੱਲੋ ਅਫ਼ੀਮ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲੀਸ ਅਨੁਸਾਰ ਮੁਲਜ਼ਮ ਜਲਦੀ ਪੈਸੇ ਕਮਾਉਣ ਦੇ ਚੱਕਰ ਵਿੱਚ ਝਾਰਖੰਡ ਦੇ ਵੱਖ-ਵੱਖ ਜ਼ਿਲ੍ਹਿਆਂ ’ਚੋਂ ਅਫ਼ੀਮ ਲਿਆ ਕੇ ਸ਼ਹਿਰ ਵਿੱਚ ਸਪਲਾਈ ਕਰਦਾ ਸੀ, ਜਿਸ ਨੂੰ ਸੀਆਈਏ-2 ਦੀ ਪੁਲੀਸ ਨੇ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਚੰਡੀਗੜ੍ਹ ਰੋਡ ’ਤੇ ਲਗਾਏ ਇਕ ਨਾਕੇ ਦੌਰਾਨ ਕਾਬੂ ਕੀਤਾ ਹੈ। ਮੁਲਜ਼ਮ ਦੇ ਕਬਜ਼ੇ ’ਚੋਂ 2.6 ਕਿੱਲੋ ਅਫ਼ੀਮ ਬਰਾਮਦ ਕੀਤੀ ਗਈ ਹੈ। ਪੁਲੀਸ ਨੇ ਇਸ ਮਾਮਲੇ ’ਚ ਉਸ ਖਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਉਸ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਕਰ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਗਈ ਹੈ। ਸੀਆਈਏ-2 ਦੇ ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਮੁਲਜ਼ਮ ਰਣਜੀਤ ਕੁਮਾਰ ਮਜ਼ਦੂਰੀ ਕਰਦਾ ਹੈ। ਪੁਲੀਸ ਨੇ ਬੀਤੇ ਦਿਨ ਚੰਡੀਗੜ੍ਹ ਰੋਡ ’ਤੇ ਨਾਕਾ ਹੋਇਆ ਸੀ। ਇਸੇ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਸਬਜ਼ੀ ਮੰਡੀ ਟੀ-ਪੁਆਇੰਟ ’ਤੇ ਕਿਸੇ ਨੂੰ ਅਫ਼ੀਮ ਦੇਣ ਲਈ ਖੜ੍ਹਾ ਹੈ। ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁਲੀਸ ਅਨੁਸਾਰ ਮੁਲਜ਼ਮ ਜਲਦੀ ਪੈਸੇ ਕਮਾਉਣ ਦੇ ਚੱਕਰ ’ਚ ਝਾਰਖੰਡ ਤੋਂ ਅਫ਼ੀਮ ਲਿਆ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਸਪਲਾਈ ਕਰਦਾ ਸੀ।