ਜਸਬੀਰ ਸ਼ੇਤਰਾ
ਜਗਰਾਉਂ, 23 ਮਈ
ਜਗਰਾਉਂ ਇਲਾਕੇ ’ਚੋਂ ਬਾਹਰਲੇ ਟਰੱਕ ਭਰਨ ਨੂੰ ਲੈ ਕੇ ਟਰੱਕ ਅਪਰੇਟਰ ਯੂਨੀਅਨ, ਕਿਸਾਨ ਜਥੇਬੰਦੀ ਤੇ ਵਪਾਰੀ ’ਚ ਰੇੜਕਾ ਖੜ੍ਹਾ ਹੋ ਗਿਆ ਹੈ। ਇਸ ਮਾਮਲੇ ’ਚ ਤਰਬੂਜ਼ ਤੇ ਆਲੂ ਉਤਪਾਦਕਾਂ ਤੋਂ ਇਲਾਵਾ ਕੈਂਟਰ ਯੂਨੀਅਨ ਵਾਲੇ ਵੀ ਸ਼ਾਮਲ ਹੋ ਗਏ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਇਸ ਮਸਲੇ ਨੂੰ ਲੈ ਕੇ ਧਰਨਾ ਵੀ ਲਾ ਚੁੱਕੀ ਹੈ। ਹੁਣ ਗੱਲ ਥਾਣੇ ਪਹੁੰਚ ਗਈ ਅਤੇ ਉੱਥੇ ਲਿਖਤੀ ਸਮਝੌਤਾ ਹੋਣ ਦੇ ਬਾਵਜੂਦ ਗੱਲ ਸਿਰੇ ਨਾ ਚੜ੍ਹਨ ’ਤੇ ਭਲਕੇ ਐੱਸਡੀਐੱਮ ਵੱਲੋਂ ਸਬੰਧਤ ਸਾਰੀਆਂ ਧਿਰਾਂ ਨੂੰ ਗੱਲਬਾਤ ਲਈ ਸੱਦਿਆ ਗਿਆ ਹੈ। ਇੱਥੇ ਸਿੱਧਵਾਂ ਬੇਟ ਰੋਡ ’ਤੇ ਨਾਅਰੇਬਾਜ਼ੀ ਕਰਦਿਆਂ ਟਰੱਕ ਅਪਰੇਟਰਾਂ ਨੇ ਦੋਸ਼ ਲਾਇਆ ਕਿ ਵਪਾਰੀ, ਬਾਹਰਲੇ ਨੰਬਰ ਦੀਆਂ ਗੱਡੀਆਂ ਕਿਸਾਨਾਂ ਦੇ ਨਾਂ ’ਤੇ ਭਰ ਰਿਹਾ ਹੈ ਜਿਸ ਕਰਕੇ ਤਣਾਅ ਪੈਦਾ ਹੋ ਰਿਹਾ ਹੈ। ਗੱਡੀਆਂ ਕਿਸਾਨਾਂ ਦੇ ਨਾਂ ਭਰੀਆਂ ਜਾਂਦੀਆਂ ਹਨ ਜਦਕਿ ਬਿਲਟੀਆਂ ’ਤੇ ਸਬੰਧਤ ਵਪਾਰੀ ਦਾ ਨਾਮ ਲਿਖਿਆ ਹੁੰਦਾ ਹੈ। ਦੂਜੇ ਪਾਸੇ ਬੀਕੇਯੂ ਦੇ ਆਗੂਆਂ ਨੇ ਵਪਾਰੀ ਦਾ ਪੱਖ ਪੂਰਿਆ। ਇਸ ਤੋਂ ਪਹਿਲਾਂ ਰਾਜਸਥਾਨ ਤੇ ਸ੍ਰੀਨਗਰ ਜੰਮੂ ਲਈ ਟਰੱਕ ਯੂਨੀਅਨ ਦੀਆਂ ਗੱਡੀਆਂ ਹੀ ਤਰਬੂਜ਼ ਲੈ ਕੇ ਜਾਂਦੀਆਂ ਸਨ ਤੇ ਆਪਸੀ ਸਹਿਮਤੀ ਨਾਲ ਤੈਅ ਭਾੜਾ ਹੀ ਵਸੂਲਿਆ ਜਾ ਰਿਹਾ ਸੀ।
ਕਮੇਟੀ ਮੈਂਬਰ ਬਲਦੇਵ ਸਿੰਘ ਬਿੱਲੂ, ਮਨਜੀਤ ਸਿੰਘ, ਬਹਾਦਰ ਸਿੰਘ ਤੇ ਪ੍ਰਿਥੀ ਸਿੰਘ ਨੇ ਕਿਹਾ ਕਿ ਟਰੱਕ ਅਪਰੇਟਰ ਵੀ ਕਿਸਾਨ ਹੀ ਹਨ ਤੇ ਟਰੱਕਾਂ ਦਾ ਕੰਮ ਉਨ੍ਹਾਂ ਵਾਧੂ ਧੰਦੇ ਵਜੋਂ ਅਪਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਦੇ ਸਮੂਹ ਅਪਰੇਟਰਾਂ ਨੇ ਫੈਸਲਾ ਕੀਤਾ ਹੈ ਕਿ ਇਸ ਖ਼ਿਲਾਫ਼ ਆਲ ਪੰਜਾਬ ਟਰੱਕ ਏਕਤਾ ਕਮੇਟੀ ਦੀ ਮੀਟਿੰਗ ਕਰ ਕੇ ਤਿੱਖਾ ਘੋਲ ਵਿੱਢਿਆ ਜਾਵੇਗਾ।
ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਸਰਕਾਰ ਤੋਂ ਟਰੱਕ ਅਪਰੇਟਰਾਂ ਦੇ ਹਿੱਤਾਂ ਦੀ ਪੈਰਵੀ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਘੱਟ ਰੇਟ ’ਤੇ ਭਰੀਆਂ ਜਾਂਦੀਆਂ ਬਾਹਰਲੀਆਂ ਗੱਡੀਆਂ ’ਤੇ ਰੋਕ ਲਾਈ ਜਾਵੇ। ਬੀਕਯੂ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਤੇ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਟਰੱਕ ਯੂਨੀਅਨ ਦੇ ਦੋਸ਼ ਨਕਾਰਦਿਆਂ ਕਿਹਾ ਕਿ ਉਹ ਟਕਰਾਅ ਤੋਂ ਬਚਾਅ ਲਈ ਸਮਝੌਤੇ ਦੀ ਕੋਸ਼ਿਸ਼ ਕਰ ਰਹੇ ਹਨ।