ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 22 ਮਈ
ਯੂਨਾਈਟਡ ਸਿੱਖਸ ਅਤੇ ਸ਼ਾਨ-ਨੇ-ਖਾਲਸਾ ਨੇ ਫਤਿਹ ਟੀਵੀ ਨਾਲ ਮਿਲ ਕੇ ਲੈਵਲ-2 ਦਾ ਮੁਫ਼ਤ ਕੋਵਿਡ ਸੈਂਟਰ ਰੋਜ਼ ਗਾਰਡਨ ਨੇੜੇ ਮੈਰੀਟੋਰੀਅਸ ਸਕੂਲ ਕੋਲ ਸ਼ੁਰੂ ਕੀਤਾ ਹੈ, ਜਿੱਥੇ ਪ੍ਰਸ਼ਾਸਨ ਦੀ ਮਦਦ ਨਾਲ ਲੋੜਵੰਦ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ। ਯੂਨਾਈਟਿਡ ਸਿੱਖਸ ਪੰਜਾਬ ਦੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਯੂਨਾਈਟਡ ਸਿੱਖਸ ਲੁਧਿਆਣਾ ਦੀ ਟੀਮ ਵੱਲੋਂ ਕੋਵਿਡ ਸੈਂਟਰ ਵਿੱਚ 10 ਕੰਸਨਟਰੇਟਰ ਦਿੱਤੇ ਗਏ ਹਨ ਤੇ ਲੋੜ ਮੁਤਾਬਕ ਹੋਰ ਵੀ ਕੰਸਨਟਰੇਟਰ ਦਿੱਤੇ ਜਾਣਗੇ। ਫ਼ਤਹਿ ਟੀਵੀ ਪਰਿਵਾਰ ਦੇ ਮੁਖੀ ਰਾਜਵੰਤ ਸਿੰਘ ਵੋਹਰਾ ਨੇ ਦੱਸਿਆ ਕਿ ਕੋਵਿਡ ਸੈਂਟਰ ਵਿੱਚ ਇਲਾਜ ਅਧਿਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਾਸਤੇ ਤਿੰਨ ਵੇਲੇ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਸ਼ਾਨ-ਏ-ਖਾਲਸਾ ਦੇ ਮੁੱਖ ਸੇਵਾਦਾਰ ਡਾ. ਰੁਪਿੰਦਰ ਸਿੰਘ ਨੇ ਇਸ ਮੁਫ਼ਤ ਕੋਵਿਡ ਸੇਂਟਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ ਮਰੀਜ਼ਾਂ ਲਈ ਸਰਕਾਰ ਵੱਲੋਂ ਖੋਲ੍ਹੇ ਗਏ ਇਸ ਸੈਂਟਰ ਵਿੱਚ ਆ ਕੇ ਆਪਣਾ ਮੁਫ਼ਤ ਇਲਾਜ ਕਰਵਾਉਣ।