ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਮਈ
ਪੀਏਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਹੇਠ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ‘ਹਸਤ ਕਲਾ ਰਾਹੀਂ ਰੁਜ਼ਗਾਰ’ ਵਿਸ਼ੇ ’ਤੇ ਪੰਜ ਰੋਜ਼ਾ ਆਨਲਾਈਨ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ ਲਗਪਗ 35 ਸਿਖਆਰਥੀਆਂ ਨੇ ਭਾਗ ਲਿਆ। ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕਿਰਨਜੋਤ ਸਿੱਧੂ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਾਲ ਦੌਰਾਨ ਘਰ ਬੈਠਿਆਂ ਆਪਣੇ ਸਮੇਂ ਦਾ ਸਹੀ ਉਪਯੋਗ ਕਰ ਕੇ ਆਪਣੇ ਹੁਨਰ ਨੂੰ ਨਿਖਾਰਨ ਵਾਸਤੇ ਇਹ ਬਹੁਤ ਹੀ ਢੁੱਕਵਾਂ ਕੋਰਸ ਹੈ। ਕੋਰਸ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਅਜੋਕੇ ਸਮੇਂ ਵਿੱਚ ਹਸਤ ਕਲਾ ਦੀ ਮਹਤੱਤਾ ਬਾਰੇ ਜਾਣਕਾਰੀ ਦਿੱਤੀ। ਡਾ. ਰੁਪਿੰਦਰ ਕੌਰ ਅਤੇ ਕੰਵਲਜੀਤ ਕੌਰ ਨੇ ਮੈਕਰਮ ਨਾਟਿੰਗ (ਸਜਾਵਟੀ ਗੰਢਾਂ), ਫੈਬਰਿਕ ਪੇਂਟਿੰਗ ਅਤੇ ਰਬਿਨ ਦੀ ਕਢਾਈ ਬਾਰੇ ਜਾਣਕਾਰੀ ਦਿੱਤੀ। ਵਸਤਰ ਵਿਭਾਗ ਤੋਂ ਡਾ. ਸੁਰਭੀ ਮਹਾਜਨ ਨੇ ਪ੍ਰਿੰਟਿੰਗ ਦੀਆਂ ਤਕਨੀਕਾਂ ਰਾਹੀਂ ਵੱਖੋ-ਵੱਖਰੇ ਸਜਾਵਟੀ ਵਸਤਰ ਬਣਾਉਣ ਬਾਰੇ ਦੱਸਿਆ। ਪਰਿਵਾਰ ਸਰੋਤ ਪ੍ਰਬੰਧਨ ਵਿਭਾਗ ਤੋਂ ਡਾ. ਨਰਿੰਦਰਜੀਤ ਕੌਰ ਨੇ ਕੋਈ ਵੀ ਕੰਮ ਧੰਦਾ ਸ਼ੁਰੂ ਕਰਨ ਲਈ ਅਹਿਮ ਮੁੱਦੇ ਤੇ ਸਹੀ ਪ੍ਰਬੰਧ ਭਾਵ ਚੰਗੇ ਮੈਨੇਜਰ ਬਣਨ ਬਾਰੇ ਨੁਕਤੇ ਸਾਂਝੇ ਕੀਤੇ। ਡਾ. ਸ਼ਰਨਬੀਰ ਕੌਰ ਬਲ ਨੇ ਝੋਨੇ ਦੀ ਪਰਾਲੀ ਤੋਂ, ਡਾ. ਦਿਪੀਕਾ ਬਿਸ਼ਟ ਨੇ ਪੇਪਰ ਕਰਾਫਟ ਰਾਹੀਂ ਵੱਖ-ਵੱਖ ਸਜਾਵਟੀ ਅਤੇ ਉਪਯੋਗੀ ਵਸਤਾਂ ਬਣਾਉਣ ਬਾਰੇ ਜਾਗਰੂਕ ਕੀਤਾ।