ਸਤਵਿੰਦਰ ਬਸਰਾ
ਲੁਧਿਆਣਾ, 16 ਜਨਵਰੀ
ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਜਮਾਤਾਂ ਦੇ ਆਨਲਾਈਨ ਅਤੇ ਆਫਲਾਈਨ ਪੇਪਰ ਲੈਣ ਦੇ ਹੁਕਮਾਂ ਨੇ ਅਧਿਆਪਕਾਂ ਨੂੰ ਪੜ੍ਹਨੇ ਪਾ ਦਿੱਤਾ ਹੈ। ਵਿਭਾਗ ਵੱਲੋਂ ਆਫਲਾਈਨ ਪੇਪਰ ਸਕੂਲਾਂ ਵਿੱਚ ਭੇਜਣ ਦੀ ਥਾਂ ਪੀਡੀਐਫ ਫਾਈਲਾਂ ਹੀ ਭੇਜੀਆਂ ਗਈਆਂ ਹਨ ਜਿਨ੍ਹਾਂ ਦੇ ਅੱਗੋਂ ਸਬੰਧਤ ਸਕੂਲਾਂ ਦੇ ਅਧਿਆਪਕਾਂ ਨੂੰ ਆਪਣੀਆਂ ਜੇਬਾਂ ਵਿੱਚੋਂ ਖਰਚ ਕਰਕੇ ਪ੍ਰਿੰਟ ਕਢਵਾਉਣੇ ਪੈ ਰਹੇ ਹਨ। ਸਿੱਖਿਆ ਵਿਭਾਗ ਨੇ 15 ਜਨਵਰੀ ਤੋਂ ਪ੍ਰਾਇਮਰੀ ਜਮਾਤਾਂ ਦੇ ਕੁੱਲ 80 ਅੰਕਾਂ ਵਿੱਚੋਂ 40-40 ਅੰਕਾਂ ਦੇ ਆਫਲਾਈਨ ਅਤੇ ਆਨਲਾਈਨ ਪੇਪਰ ਸ਼ੁਰੂ ਕੀਤੇ ਹਨ। ਸਰਕਾਰੀ ਸਕੂਲਾਂ ਵਿੱਚ ਪੜ੍ਹਾਉਂਦੇ ਕਈ ਅਧਿਆਪਕਾਂ ਨੇ ਆਪਣੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪੂਰੇ ਸਕੂਲ ਦੇ ਪੇਪਰਾਂ ਦੇ ਪ੍ਰਿੰਟ ਕਢਵਾਉਣ ਲਈ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਖਰਚ ਕਰਨੇ ਪੈ ਰਹੇ ਹਨ ਜਦਕਿ ਵਿਭਾਗ ਵੱਲੋਂ ਉਨ੍ਹਾਂ ਨੂੰ ਇੱਕ ਧੇਲਾ ਤੱਕ ਨਹੀਂ ਆ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਵੀਂ ਜਮਾਤ ਦੇ ਸਾਰੇ ਬੱਚੇ ਸਕੂਲ ’ਚ ਹੀ ਪੜ੍ਹਾਈ ਕਰਦੇ ਹਨ ਪਰ ਇਨਾਂ ਦੇ ਵੀ ਆਨਲਾਈਨ ਅਤੇ ਆਫਲਾਈਨ ਪੇਪਰ ਲਏ ਜਾ ਰਹੇ ਹਨ। ਦੂਜੇ ਪਾਸੇ, ਡੈਮੋਕ੍ਰੇਟਿਕ ਟੀਚਰ ਫਰੰਟ ਦੇ ਨੁਮਾਇੰਦੇ ਰਮਨਜੀਤ ਸੰਧੂ ਨੇ ਵਿਭਾਗ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਹੈ। ਸ੍ਰੀ ਸੰਧੂ ਨੇ ਕਿਹਾ ਕਿ ਉਨ੍ਹਾਂ ਦੀ ਜੱਥੇਬੰਦੀ ਆਉਂਦੇ ਦਿਨਾਂ ਵਿੱਚ ‘ਸਿੱਖਿਆ ਸਕੱਤਰ ਭਜਾਓ, ਸਿੱਖਿਆ ਬਚਾਓ’ ਨਾਂ ਹੇਠ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਸ ਨੂੰ ਸਫਲ ਬਣਾਉਣ ਲਈ ਵੱਖ ਵੱਖ ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਉਲੀਕੇ ਜਾਣਗੇ।