ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਜੁਲਾਈ
ਜਬਰ-ਜਨਾਹ ਦੇ ਮਾਮਲੇ ਵਿੱਚ ਨਾਮਜ਼ਦ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਅੱਜ ਵੀ ਸਰੰਡਰ ਕਰਨ ਦੀ ਚਰਚਾ ਸ਼ਹਿਰ ਵਿੱਚ ਚੱਲਦੀ ਰਹੀ, ਪਰ ਦੇਰ ਸ਼ਾਮ ਤੱਕ ਸਾਬਕਾ ਵਿਧਾਇਕ ਪੇਸ਼ ਨਾ ਹੋਏ ਜਦਕਿ ਉਨ੍ਹਾਂ ਦੇ ਨਜ਼ਦੀਕੀ ਸਾਥੀ ਸੁਖਚੈਨ ਸਿੰਘ ਨੂੰ ਅੱਜ ਪੁਲੀਸ ਨੇ ਪੇਸ਼ ਕਰ ਕੇ ਦੋ ਦਿਨਾਂ ਪੁਲੀਸ ਰਿਮਾਂਡ ’ਤੇ ਲੈ ਲਿਆ। ਦੂਜੇ ਪਾਸੇ ਪੁਲੀਸ ਵੀ ਹੁਣ ਲਗਾਤਾਰ ਛਾਪੇ ਮਾਰ ਕੇ ਸਾਬਕਾ ਵਿਧਾਇਕ ਬੈਂਸ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ। ਸਾਬਕਾ ਵਿਧਾਇਕ ਦੇ ਸਾਥੀ ਸੁਖਚੈਨ ਸਿੰਘ ਨੂੰ ਪੁਲੀਸ ਨੇ ਅਦਾਲਤ ਵਿੱਚ ਦੁਬਾਰਾ ਪੇਸ਼ ਕੀਤਾ ਜਿੱਥੋਂ ਉਸ ਨੂੰ ਦੋ ਦਿਨਾਂ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਪੁਲੀਸ ਕਮਿਸ਼ਨਰ ਕੌਸਤੁਬ ਸ਼ਰਮਾ ਨੇ ਦੱਸਿਆ ਕਿ ਕਰਮਜੀਤ ਸਿੰਘ ਬੈਂਸ ਪਹਿਲਾਂ ਤੋਂ ਦੋ ਦਿਨਾਂ ਪੁਲੀਸ ਰਿਮਾਂਡ ’ਤੇ ਹੈ ਤੇ ਹੁਣ ਪੁਲੀਸ ਨੇ ਉਸਦੇ ਸਾਥੀ ਸੁਖਚੈਨ ਸਿੰਘ ਦਾ ਵੀ ਦੋ ਦਿਨਾਂ ਪੁਲੀਸ ਰਿਮਾਂਡ ਲਿਆ ਗਿਆ ਹੈ। ਪੁਲੀਸ ਦੋਵਾਂ ਕੋਲੋਂ ਤਫ਼ਤੀਸ਼ ਵੀ ਕਰ ਰਹੀ ਹੈ ਕਿ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਕਿੱਥੇ ਹਨ ਤਾਂ ਕਿ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕੇ।