ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਫਰਵਰੀ
ਲੁਧਿਆਣਾ ਵਿੱਚ ਵੱਖ ਵੱਖ ਸੜਕ ਹਾਦਸਿਆਂ ਦੌਰਾਨ ਦੋ ਜਣਿਆਂ ਦੀ ਮੌਤ ਹੋ ਗਈ, ਜਦਕਿ ਤਿੰਨ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਪਿੰਡ ਲੋਹਾਰਾ ਵਾਸੀ ਰਾਮ ਸਿਮਰਨ ਸਿੰਘ ਪੁੱਤਰ ਸਿਕੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਅਤੇ ਜਗਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਲੁਹਾਰਾ ਦੀ ਫੈਕਟਰੀ ਵਿੱਚ ਕੰਮ ਕਰਦੇ ਹਨ।
ਉਹ ਬਿੰਦਰਾ ਕੰਪਲੈਕਸ ਫੋਕਲ ਪੁਆਇੰਟ ਤੋਂ ਦੁਪਹਿਰ ਦਾ ਖਾਣਾ ਖਾ ਕੇ ਮੋਟਰਸਾਈਕਲ ‘ਤੇ ਵਾਪਸ ਪਰਤ ਰਹੇ ਸਨ। ਇਸ ਦੌਰਾਨ ਤਰਵਿੰਦਰ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਨੇ ਇਨੋਵਾ ਕਾਰ ਨਾਲ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ । ਲੋਕਾਂ ਦੀ ਮਦਦ ਨਾਲ ਦੋਵਾਂ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਲਾਜ ਦੌਰਾਨ ਜਗਜੀਤ ਸਿੰਘ ਦੀ ਮੌਤ ਹੋ ਗਈ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਕਲੋਨੀ ਸ਼ੇਰਪੁਰ ਵਾਸੀ ਸੰਜੈ ਕੁਮਾਰ ਨੇ ਪੁਲੀਸ ਦੱਸਿਆ ਕਿ ਉਹ ਮੋਟਰਸਾਈਕਲ ‘ਤੇ ਜਾ ਰਿਹਾ ਸੀ। ਇਸ ਦੌਰਾਨ ਇੱਕ ਹੋਰ ਮੋਟਰਸਾਈਕਲ ਸਵਾਰ ਨੇ ਉਸ ਨੂੰ ਟੱਕਰ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਤੀਜੇ ਮਾਮਲੇ ਵਿੱਚ ਪਿੰਡ ਨੰਦਪੁਰ ਵਾਸੀ ਹਰਦੇਵ ਸਿੰਘ (55 ਸਾਲ) ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ।
ਹਾਦਸੇ ‘ਚ ਸਕਿਉਰਿਟੀ ਗਾਰਡ ਦੀ ਜਾਨ ਗਈ
ਮਾਛੀਵਾੜਾ (ਪੱਤਰ ਪ੍ਰੇਰਕ): ਇੱਥੇ ਕੁਹਾੜਾ ਰੋਡ ‘ਤੇ ਸਥਿਤ ਕਪੂਰ ਪੈਲੇਸ ਨੇੜੇ ਬੀਤੀ ਰਾਤ ਸੜਕ ਹਾਦਸੇ ਵਿਚ ਫੈਕਟਰੀ ਵਿਚ ਸਕਿਉਰਿਟੀ ਗਾਰਡ ਵਜੋਂ ਨੌਕਰੀ ਕਰਦੇ ਸੁਖਵਿੰਦਰ ਸਿੰਘ (36) ਵਾਸੀ ਇੰਦਰਾ ਕਾਲੋਨੀ ਮਾਛੀਵਾੜਾ ਦੀ ਮੌਤ ਹੋ ਗਈ। ਉਹ ਬੀਤੀ ਸ਼ਾਮ ਡਿਊਟੀ ਕਰਨ ਮਗਰੋਂ ਮੋਟਰਸਾਈਕਲ ‘ਤੇ ਘਰ ਪਰਤ ਰਿਹਾ ਸੀ। ਜਦੋਂ ਉਹ ਪੈਲੇਸ ਕੋਲ ਪੁੱਜਿਆ ਤਾਂ ਮਾਛੀਵਾੜਾ ਵੱਲੋਂ ਆ ਰਹੀ ਮਹਿੰਦਰਾ ਜੀਪ ਨੇ ਉਸ ਟੱਕਰ ਮਾਰ ਦਿੱਤੀ। ਉਸ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।