ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਸਤੰਬਰ
ਥਾਣਾ ਸ਼ਿਮਲਾਪੁਰੀ ਦੇ ਇਲਾਕੇ ਵਿੱਚ ਕ੍ਰਿਕਟ ਖੇਡਦਿਆਂ ਹੋਏ ਝਗੜੇ ਦੌਰਾਨ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ ਜਿਸਨੂੰ ਇਲਾਜ ਲਈ ਦੀਪ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਗੁਰੂ ਅੰਗਦ ਕਲੋਨੀ ਜਨਤਾ ਨਗਰ ਵਾਸੀ ਸਾਰੁਖ ਗੋਇਲ ਨੇ ਦੱਸਿਆ ਹੈ ਕਿ ਉਸ ਦਾ ਛੋਟਾ ਭਰਾ ਕਰਨ ਗੋਇਲ ਦਾਣਾ ਮੰਡੀ ਨੇੜੇ ਅਰੋੜਾ ਸਿਨਮਾ ਵਿੱਖੇ ਕ੍ਰਿਕਟ ਖੇਡਣ ਗਿਆ ਸੀ, ਜਦੋਂ ਉਹ ਕ੍ਰਿਕਟ ਖੇਡ ਰਹੇ ਸਨ ਤਾਂ ਉਸ ਨੇ ਗਰਾਊਂਡ ਨੇੜੇ ਖੜ੍ਹੇ ਮਨੀ ਨੂੰ ਸਾਈਡ ਤੇ ਹੋਣ ਲਈ ਕਿਹਾ ਤਾਂ ਜੋ ਉਸਨੂੰ ਬਾਲ ਲੱਗਣ ਤੋਂ ਬਚਾਅ ਹੋ ਸਕੇ। ਇੰਨੀ ਦੇਰ ਨੂੰ ਮਨੀ ਨੇ ਬੈਟ ਨਾਲ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਸਿਰ ਵਿੱਚ ਬੈਟ ਮਾਰਿਆ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਮਨੀ ਦੀ ਭਾਲ ਕੀਤੀ ਜਾ ਰਹੀ ਹੈ।