ਜਸਬੀਰ ਸ਼ੇਤਰਾ
ਜਗਰਾਉਂ, 30 ਜੂਨ
ਇੱਥੇ ਰਾਏਕੋਟ ਰੋਡ ਸਥਿਤ ਥਾਣਾ ਸਿਟੀ ਅੱਗੇ ਵੱਖ-ਵੱਖ ਜਥੇਬੰਦੀਆਂ ਦੇ ਚੱਲਦੇ ਧਰਨੇ ਦੇ ਅੱਜ ਸੌ ਦਿਨ ਪੂਰੇ ਹੋ ਗਏ ਹਨ। ਸੌ ਦਿਨ ਦੇ ਸੰਘਰਸ਼ ਦੇ ਬਾਵਜੂਦ ਸੰਗੀਨ ਧਾਰਾਵਾਂ ਤਹਿਤ ਦਰਜ ਕੇਸ ’ਚ ਨਾਮਜ਼ਦ ਡੀਐੱਸਪੀ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ’ਤੇ ਧਰਨਾਕਾਰੀ ਗਰਜੇ ਤੇ ਨਾਅਰੇਬਾਜ਼ੀ ਕਰ ਕੇ ਹਾਕਮ ਧਿਰ ਤੇ ਪੁਲੀਸ ਖ਼ਿਲਾਫ਼ ਭੜਾਸ ਕੱਢੀ।
ਬੁਲਾਰਿਆਂ ਨੇ ਇਨਸਾਫ਼ ਪ੍ਰਾਪਤੀ ਤੱਕ ਸੰਘਰਸ਼ ਰੱਖਣ ਦਾ ਅਹਿਦ ਦੁਹਰਾਉਂਦਿਆਂ ਕਿਹਾ ਕਿ ਨਵੀਂ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਤੇ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਤੋਂ ਉਨ੍ਹਾਂ ਨੂੰ ਡਾਢੀਆਂ ਉਮੀਦਾਂ ਸਨ, ਪਰ ਇਹ ਪੂਰੀਆਂ ਨਹੀਂ ਹੋਈਆਂ। ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਬੀਕੇਯੂ ਏਕਤਾ (ਡਕੌਂਦਾ) ਦੇ ਕੁੰਡਾ ਸਿੰਘ ਕਾਉਂਕੇ ਤੇ ਜੱਗਾ ਸਿੰਘ ਢਿੱਲੋਂ ਨੇ ਕਿਹਾ ਕਿ ਕੁਲਵੰਤ ਕੌਰ ਦੀ ਕਥਿਤ ਪੁਲੀਸ ਤਸ਼ੱਦਦ ਨਾਲ ਹੋਈ ਮੌਤ ਤੋਂ ਬਾਅਦ ਪੁਲੀਸ ਨੇ ਕੇਸ ਤਾਂ ਦਰਜ ਕਰ ਲਿਆ ਪਰ ਗ੍ਰਿਫ਼ਤਾਰੀ ਛੇ ਮਹੀਨੇ ਲੰਘ ਜਾਣ ’ਤੇ ਵੀ ਨਹੀਂ ਹੋਈ। ਕਈ ਮਹੀਨੇ ਗ੍ਰਿਫ਼ਤਾਰੀਆਂ ਕਰਕੇ ਇਨਸਾਫ਼ ਦੇਣ ਦੀ ਉਡੀਕ ਕਰਨ ਤੋਂ ਬਾਅਦ ਇਹ ਧਰਨਾ ਇਸ ਆਸ ਨਾਲ ਸ਼ੁਰੂ ਕੀਤਾ ਗਿਆ ਕਿ ਸਰਕਾਰ ਤੇ ਪੁਲੀਸ ’ਤੇ ਕੁਝ ਅਸਰ ਹੋਵੇਗਾ ਤੇ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਦੌਰਾਨ ਬੁਲਾਰੇ ਬੂਟਾ ਸਿੰਘ ਹਾਂਸ ਨੇ ਕਿਹਾ ਕਿ ਪੰਜਾਬ ਸਰਕਾਰ ਲੋਕ ਦੋਖੀ ਸਿੱਧ ਹੋ ਰਹੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਪੋਨਾ ਨੇ ਕਿਹਾ ਕਿ ਪੰਜਾਬ ਪੁਲੀਸ ਜਿੰਨਾ ਮਰਜ਼ੀ ਸਬਰ ਪਰਖ ਲਵੇ ਕਿਰਤੀ ਲੋਕ ਨਿਆਂ ਲੈ ਕੇ ਹੀ ਪਿੱਛੇ ਹਟਣਗੇ।