ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 26 ਸਤੰਬਰ
ਇਲਾਕੇ ਵਿਚ ਪਏ ਮੀਂਹ ਕਾਰਨ ਗੰਨੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਵੀ ਪ੍ਰਭਾਵਿਤ ਹੋਏ ਹਨ। ਇਕੱਤਰ ਜਾਣਕਾਰੀ ਅਨੁਸਾਰ ਕਿਸਾਨਾਂ ਦੀ ਕਰੀਬ 125 ਏਕੜ ਫ਼ਸਲ ਖ਼ਰਾਬ ਹੋ ਗਈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਆਸ-ਪਾਸ ਕਰੀਬ ਪੰਜ ਪਿੰਡਾਂ ਵਿਚ ਹੀ ਕਿਸਾਨ ਜਸਪ੍ਰੀਤ ਸਿੰਘ ਭਮਾ ਕਲਾਂ ਦੀ 18 ਏਕੜ, ਸੁਖਪ੍ਰੀਤ ਸਿੰਘ ਭਮਾ ਕਲਾਂ ਦੀ 22 ਏਕੜ, ਬੂਟਾ ਸਿੰਘ ਭਮਾ ਖੁਰਦ ਦੀ 30 ਏਕੜ, ਯੋਗੇਸ਼ਵਰ ਸਿੰਘ ਭਮਾ ਖੁਰਦ ਦੀ 15 ਏਕੜ, ਰਜਿੰਦਰ ਸਿੰਘ ਉਪਲਾਂ ਦੀ 12 ਏਕੜ, ਗੁਰਪ੍ਰੀਤ ਸਿੰਘ ਉਪਲਾਂ ਦੀ 8 ਏਕੜ, ਕੁਲਵੰਤ ਸਿੰਘ ਸੰਘਾ ਦੀ 6 ਏਕੜ ਅਤੇ ਬੇਅੰਤ ਸਿੰਘ ਉਪਲਾਂ ਦੀ 9 ਏਕੜ ਗੰਨੇ ਦੀ ਫ਼ਸਲ ਮੀਂਹ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਕਿਸਾਨ ਆਗੂ ਬੂਟਾ ਸਿੰਘ ਨੇ ਦੱਸਿਆ ਕਿ ਪੀੜਤ ਕਿਸਾਨਾਂ ਵੱਲੋਂ ਗੰਨੇ ਦੀ ਜ਼ੀਰੋ-238, 118 ਅਤੇ 88 ਕਿਸਮ ਬੀਜੀ ਗਈ ਸੀ। ਉਨ੍ਹਾਂ ਕਿਹਾ ਕਿ ਕਰੀਬ ਡੇਢ ਲੱਖ ਰੁਪਏ ਪ੍ਰਤੀ ਏਕੜ ਗੰਨੇ ਦੀ ਫ਼ਸਲ ਵਿਕ ਜਾਣੀ ਸੀ ਪਰ ਭਾਰੀ ਮੀਂਹ ਨੇ ਇਸ ਨੂੰ ਬਿਲਕੁਲ ਤਬਾਹ ਕਰ ਦਿੱਤਾ। ਉਨ੍ਹਾਂ ਕਿਹਾ ਕਿ ਡਿੱਗੀ ਹੋਈ ਫ਼ਸਲ ਕਾਰਨ ਜਿੱਥੇ ਗੁਣਵੱਤਾ ਖ਼ਰਾਬ ਹੋਵੇਗੀ, ਉੱਥੇ ਫ਼ਸਲ ਨੂੰ ਚੂਹੇ ਵੀ ਖ਼ਰਾਬ ਕਰਨਗੇ। ਇਸ ਤੋਂ ਇਲਾਵਾ ਮਜ਼ਦੂਰਾਂ ਨੂੰ ਜ਼ਿਆਦਾ ਪੈਸੇ ਦੇ ਕੇ ਇਸ ਦੀ ਕਟਾਈ ਕਰਵਾਉਣੀ ਪਵੇਗੀ ਜਿਸ ਨਾਲ ਕਿਸਾਨਾਂ ਸਿਰ ਭਾਰੀ ਆਰਥਿਕ ਬੋਝ ਪਵੇਗਾ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਫ਼ਸਲ ਦੀ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਮੱਛੀ ਪਾਲਕ ਦਾ 4 ਲੱਖ ਰੁਪਏ ਦਾ ਨੁਕਸਾਨ
ਇੱਥੋਂ ਨੇੜਲੇ ਪਿੰਡ ਅਕਾਲਗੜ੍ਹ ਵਿੱਚ ਚਾਰ ਏਕੜ ਵਿਚ ਬਣਿਆ ਮੱਛੀ ਫਾਰਮ ਭਾਰੀ ਮੀਂਹ ਪੈਣ ਕਾਰਨ ਤਬਾਹ ਹੋ ਗਿਆ ਹੈ। ਪੀੜਤ ਮੱਛੀ ਪਾਲਕ ਨੇ ਦੱਸਿਆ ਕਿ ਮੀਂਹ ਦੇ ਪਾਣੀ ਕਾਰਨ ਸਾਰੀਆਂ ਮੱਛੀਆਂ ਰੁੜ ਗਈਆਂ ਹਨ। ਪੀੜਤ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਪਿੰਡ ਅਕਾਲਗੜ੍ਹ ਵਿੱਚ ਚਾਰ ਏਕੜ ਜ਼ਮੀਨ ਠੇਕੇ ’ਤੇ ਲਈ ਸੀ। ਇਸ ਵਿਚ ਉਸ ਨੇ ਕਰੀਬ ਇੱਕ ਲੱਖ ਰੁਪਏ ਦਾ ਖ਼ਰਚ ਕੇ ਮੱਛੀ ਫਾਰਮ ਬਣਾਇਆ ਸੀ। ਇਸ ਟੋਭੇ ਵਿੱਚ ਉਸ ਨੇ 1200 ਕਿਲੋ ਵਜ਼ਨ ਦੀਆਂ ਛੋਟੀਆਂ ਮੱਛੀਆਂ ਛੱਡੀਆਂ ਸਨ ਜਿਸ ਉੱਪਰ ਕਰੀਬ 1.80 ਲੱਖ ਰੁਪਏ ਦਾ ਖ਼ਰਚਾ ਆਇਆ ਸੀ। ਉਸ ਨੇ ਮਿਹਨਤ ਕਰ ਮੱਛੀਆਂ ਦੀ ਸੰਭਾਲ ਕੀਤੀ ਸੀ ਪਰ ਅਚਾਨਕ ਭਾਰੀ ਮੀਂਹ ਕਾਰਨ ਟੋਭਾ ਓਵਰਫਲੋਅ ਹੋ ਗਿਆ ਜਿਸ ਵਿਚ ਉਸ ਦੀਆਂ ਸਾਰੀਆਂ ਮੱਛੀਆਂ ਰੁੜ ਗਈਆਂ। ਲਖਵਿੰਦਰ ਸਿੰਘ ਅਨੁਸਾਰ ਉਸ ਦਾ ਕਰੀਬ ਚਾਰ ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ। ਮੱਛੀ ਪਾਲਕ ਨੇ ਦੱਸਿਆ ਕਿ ਉਹ ਗ਼ਰੀਬ ਪਰਿਵਾਰ ਤੋਂ ਹੈ। ਉਸ ਨੇ ਪੰਚਾਇਤੀ ਜ਼ਮੀਨ ਦਾ ਠੇਕਾ ਵੀ ਆਪਣੇ ਕੋਲੋਂ ਅਦਾ ਕੀਤਾ ਸੀ, ਇਸ ਲਈ ਸਰਕਾਰ ਉਸ ਨੂੰ ਬਣਦਾ ਮੁਆਵਜ਼ਾ ਦੇਵੇ। ਦੂਜੇ ਪਾਸੇ, ਪਿੰਡ ਵਾਸੀਆਂ ਅਤੇ ਅਕਾਲਗੜ੍ਹ ਦੀ ਪੰਚਾਇਤ ਨੇ ਮੱਛੀ ਪਾਲਕ ਲਖਵਿੰਦਰ ਸਿੰਘ ਦੇ ਹੱਕ ਵਿਚ ਨਿੱਤਰਦਿਆਂ ਕਿਹਾ ਕਿ ਸਰਕਾਰ ਨੁਕਸਾਨ ਦੀ ਜਾਂਚ ਕਰਵਾ ਕੇ ਮੁਆਵਜ਼ਾ ਦੇਵੇ।