ਪੱਤਰ ਪ੍ਰੇਰਕ
ਪਾਇਲ, 12 ਮਾਰਚ
ਵਿਧਾਨ ਸਭਾ ਹਲਕਾ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇੰਜ ਮਨਵਿੰਦਰ ਸਿੰਘ ਗਿਆਸਪੁਰਾ ਦੀ ਜਿੱਤ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪਿੰਡ ਦਾਊਂਮਾਜਰਾ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਤੇ ਵਰਕਰਾਂ ਵੱਲੋਂ ਲੱਡੂ ਵੰਡੇ ਗਏ, ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਕਿ ਲੋਕ ਤੀਸਰੇ ਬਦਲ ਦੀ ਭਾਲ ਕਰ ਰਹੇ ਸਨ, ਜੋ ਸੂਬੇ ਦੇ ਲੋਕਾਂ ਨੂੰ ਮਿਲ ਗਿਆ ਹੈ। ਇੱਥੇ ਇਹ ਵੀ ਪਤਾ ਲੱਗਾ ਹੈ ਕਿ ਵੋਟਰਾਂ ਨੂੰ ਅਕਾਲੀ ਦਲ ਦੇ ਹੱਕ ਵਿੱਚ ਭੁਗਤਣ ਲਈ ਕਥਿਤ ਖਾਣ ਪੀਣ ਦੀ ਸਮੱਗਰੀ ਵੀ ਭੇਜੀ ਗਈ ਸੀ। ਗਿਆਸਪੁਰਾ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡ ਰਹੇ ਅਕਾਲੀਆਂ ਦੀ ਤਸਵੀਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੋਕਾਂ ਅਨੁਸਾਰ ਅਕਾਲੀ ਦਲ ਸਮੇਂ ਹੋਈਆਂ ਬੇਅਦਬੀਆਂ ਕਰਕੇ ਵੀ ਲੋਕ ‘ਆਪ’ ਨਾਲ ਜੁੜੇ ਹਨ।
‘ਆਪ’ ਦੀ ਜਿੱਤ ਦੀ ਖੁਸ਼ੀ ਵਿੱਚ ਜਲੇਬੀਆਂ ਦਾ ਲੰਗਰ ਲਾਇਆ਼
ਰਾਏਕੋਟ (ਪੱਤਰ ਪ੍ਰੇਰਕ): ਨੇੜਲੇ ਪਿੰਡ ਜਲਾਲਦੀਵਾਲ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਰਿਕਾਰਡਤੋੜ ਜਿੱਤ ਦੇ ਨਾਲ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੀ ਹੋਈ ਵੱਡੀ ਜਿੱਤ ਦੀ ਖੁਸ਼ੀ ਵਿੱਚ ‘ਆਪ’ ਸਮਰਥਕਾਂ ਵੱਲੋਂ ਜਲੇਬੀਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਨਿਰਮਲ ਸਿੰਘ ਪੂਨੀਆਂ, ਸੁਖਦਰਸ਼ਨ ਸਿੰਘ ਸਰਾਂ, ਰਾਜੇਸ਼ ਕੁਮਾਰ ਰਾਜੂ ਨੇ ਭਗਵੰਤ ਸਿੰਘ ਮਾਨ ਵੱਲੋਂ ਮੁੱਖ ਮੰਤਰੀ ਸਹੁੰ ਚੁੱਕਣ ਤੋਂ ਪਹਿਲਾਂ ਜੋ ਲੋਕਾਂ ਲਈ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਦੇ ਮਕਸ਼ਦ ਨਾਲ ਸਿਹਤ ਵਿਭਾਗ ਦੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਸਹੀ ਸਮੇਂ ਹਾਜ਼ਰ ਦਾ ਹੋਣ ਅਤੇ ਸਾਬਕਾ ਮੰਤਰੀਆਂ- ਸਾਬਕਾ ਵਿਧਾਇਕ ਤੋਂ ਸਕਿਓਰਿਟੀ ਵਾਪਸ ਲੈਣ ਦਾ ਜੋ ਫੈਸਲਾ ਲਿਆ ਗਿਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ।