ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਜੂਨ
ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਸ਼੍ਰੋਮਣੀ ਸਿੱਖ ਪ੍ਰਚਾਰਕ ਤੇ ਜਵੱਦੀ ਟਕਸਾਲ ਦੇ ਮੁਖੀ ਸੰਤ ਅਮੀਰ ਸਿੰਘ ਦੀ ਦੇਖ ਰੇਖ ਹੇਠ ਆਰੰਭ ਹੋਈ ਸਾਲਾਨਾ ਗੁਰਮਤਿ ਸੰਗੀਤ ਕਾਰਜਸ਼ਾਲਾ ਦੇ ਦੂਜੇ ਦਿਨ ਪ੍ਰਮੁੱਖ ਉਸਤਾਦ ਸ਼ਖ਼ਸੀਅਤਾਂ ਨੇ ਤੰਤੀ ਸਾਜ਼ਾਂ ਰਬਾਬ, ਦਿਲਰੁਬਾ, ਤਾਊਸ, ਇਸਰਾਜ ਤੇ ਤਬਲਾ ਆਦਿ ਸਾਜ਼ਾਂ ਨੂੰ ਵਜਾਉਣ ਬਾਰੇ ਜਾਣਕਾਰੀ ਦਿੱਤੀ।
ਉਸਤਾਦ ਤੇਜਿੰਦਰ ਸਿੰਘ ਨੇ ਰਾਗ ਤਿਲੰਗ ਅਤੇ ਤਬਲਾ ਉਸਤਾਦ ਅਰਵਿੰਦ ਕੁਮਾਰ ਆਜ਼ਾਦ ਨੇ ਤਬਲਾ ਸੋਲੋ ਵਜਾਉਣ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਅਰਵਿੰਦਰ ਸਿੰਘ ਦੀਪ (ਵਿਦਿਆਰਥੀ ਜਵੱਦੀ ਟਕਸਾਲ) ਨੇ ਤਬਲਾ ਸੋਲੋ ਤੇ ਚੈਤਨਿਆ ਸ਼ਰਮਾ ਨੇ ਵਾਈਲਨ ਸੋਲੋ ਦੀ ਪੇਸ਼ਕਾਰੀ ਕੀਤੀ। ਗੁਰਮਤਿ ਸੰਗੀਤ ਕਾਰਜਸ਼ਾਲਾ ਦੌਰਾਨ ਉਸਤਾਦ ਪੰਡਿਤ ਰਮਾਂਕਾਤ, ਉਸਤਾਦ ਗੋਬਿੰਦਰ ਸਿੰਘ ਅਲਾਮਪੁਰੀ ਅਤੇ ਉਸਤਾਦ ਮਨਿੰਦਰ ਸਿੰਘ ਨੇ ਗੁਰਮਤਿ ਸੰਗੀਤ ਦੇ ਪਹਿਲੂਆਂ ਉੱਪਰ ਚਾਨਣਾ ਪਾਇਆ।