ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਜੁਲਾਈ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਫਿਸ਼ਰੀਜ਼ ਕਾਲਜ, ਨੇ ਜੁਲਾਈ ਮਹੀਨੇ ਵਿੱਚ ਕੌਮੀ ਮੱਛੀ ਪਾਲਕ ਕਿਸਾਨ ਦਿਵਸ ਮਨਾਉਣ ਲਈ ਆਨ-ਫਾਰਮ ਮੀਟਿੰਗਾਂ ਦੀ ਲੜੀ ਸ਼ੁਰੂ ਕੀਤੀ ਹੈ। ਯੂਨੀਵਰਸਿਟੀ ਸੰਸਥਾ ਵਿਕਾਸ ਯੋਜਨਾ ਤੇ ਕੌਮੀ ਕ੍ਰਿਸ਼ੀ ਵਿਕਾਸ ਯੋਜਨਾ ਦੇ ਸਹਿਯੋਗ ਨਾਲ ‘ਉੱਭਰਦਾ ਜਲ ਜੀਵ ਢਾਂਚਾ ਤੇ ਅਭਿਆਸ’ ਵਿਸ਼ੇ ਅਧੀਨ ਇਹ ਮੁਹਿੰਮ ਚਲਾਈ ਜਾ ਰਹੀ ਹੈ। ਮੁਹਿੰਮ ਦੀ ਸ਼ੁਰੂਆਤ ਸੁਖਪਾਲ ਸਿੰਘ ਦੇ ਮੱਛੀ ਫਾਰਮ ਤੇ ਦਿਲਬਾਗ ਸਿੰਘ, ਨਵਦੀਪ ਸਿੰਘ ਤੇ ਦਵਿੰਦਰ ਸਿੰਘ ਦੇ ਝੀਂਗਾ ਮੱਛੀ ਫਾਰਮ ਵਿੱਚ ਆਨ-ਫਾਰਮ ਮੀਟਿੰਗਾਂ ਨਾਲ ਹੋਈ। ਇਸ ਸਮਾਗਮ ਵਿੱਚ ਚਾਹਵਾਨ ਉੱਦਮੀ, ਮੱਛੀ ਪਾਲਣ ਦੇ ਵਿਦਿਆਰਥੀ/ਪੇਸ਼ੇਵਰ ਤੇ ਮੱਛੀ ਪਾਲਣ ਵਿਭਾਗ, ਪੰਜਾਬ ਦੇ ਅਧਿਕਾਰੀਆਂ ਸਮੇਤ ਲਗਭਗ 100 ਹਿੱਸੇਦਾਰ ਸ਼ਾਮਲ ਹੋਏ। ਮੀਟਿੰਗਾਂ ਦਾ ਸੰਚਾਲਨ ਡਾ. ਵਨੀਤ ਇੰਦਰ ਕੌਰ ਤੇ ਵਿਗਿਆਨੀਆਂ ਡਾ. ਅਭਿਸ਼ੇਕ ਸ੍ਰੀਵਾਸਤਵ, ਖੁਸ਼ਵੀਰ ਸਿੰਘ, ਡਾ. ਪ੍ਰਭਜੀਤ ਸਿੰਘ ਤੇ ਡਾ. ਸਰਬਜੀਤ ਕੌਰ ਨੇ ਕੀਤਾ। ਕਾਲਜ ਆਫ਼ ਫਿਸ਼ਰੀਜ਼ ਦੇ ਡੀਨ ਡਾ. ਮੀਰਾ ਡੀ. ਆਂਸਲ ਨੇ ਕਿਹਾ ਕਿ ਅਜਿਹੀਆਂ ਮੀਟਿੰਗਾਂ ਸਿੱਖਿਆ ਸ਼ਾਸਤਰੀਆਂ, ਕਿਸਾਨਾਂ, ਉਤਸ਼ਾਹੀ ਉੱਦਮੀਆਂ ਅਤੇਉਦਯੋਗਾਂ ਸਮੇਤ ਵੱਖ-ਵੱਖ ਹਿੱਸੇਦਾਰਾਂ ਲਈ ਇੱਕ ਪ੍ਰਭਾਵਸ਼ਾਲੀ ਆਨ-ਫਾਰਮ ਵਿਚਾਰ ਵਟਾਂਦਰਾ ਪਲੈਟਫਾਰਮ ਪੇਸ਼ ਕਰਦੀਆਂ ਹਨ।