ਸਤਵਿੰਦਰ ਬਸਰਾ
ਲੁਧਿਆਣਾ, 5 ਅਗਸਤ
ਟੋਕੀਓ ਓਲੰਪਿਕ ਖੇਡਾਂ 2021 ਵਿੱਚ ਪੂਰੇ 41 ਸਾਲਾਂ ਬਾਅਦ ਕਾਂਸੀ ਤਗ਼ਮਾ ਜਿੱਤਣ ’ਤੇ ਭਾਰਤੀ ਹਾਕੀ ਟੀਮ ਦੀ ਜਿੱਤ ਦੀ ਖ਼ੁਸ਼ੀ ਵਿੱਚ ਅੱਜ ਜਰਖੜ ਹਾਕੀ ਅਕੈਡਮੀ ਦੇ ਪ੍ਰਬੰਧਕਾਂ, ਖਿਡਾਰੀਆਂ ਅਤੇ ਹਾਕੀ ਪ੍ਰੇਮੀਆਂ ਨੇ ਲੱਡੂ ਵੰਡੇ ਤੇ ਭੰਗੜੇ ਪਾ ਕੇ ਜਿੱਤ ਦਾ ਜਸ਼ਨ ਮਨਾਇਆ। ਭਾਰਤੀ ਹਾਕੀ ਟੀਮ ਨੇ ਅੱਜ ਦਿੱਗਜ ਟੀਮ ਜਰਮਨੀ ਨੂੰ 5-4 ਗੋਲਾਂ ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਹੈ। ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ ਅੱਜ ਪੂਰੇ ਮੁਲਕ ਵਿੱਚ ਭਾਰਤੀ ਹਾਕੀ ਟੀਮ ਨੇ ਕਾਂਸੀ ਤਗਮਾ ਜਿੱਤ ਕੇ ਹਾਕੀ ਦਾ ਵਧੀਆ ਮਾਹੌਲ ਸਿਰਜਿਆ ਹੈ। ਚੇਅਰਮੈਨ ਸਿੱਧੂ ਨੇ ਦੱਸਿਆ ਕਿ ਜੇਤੂ ਖਿਡਾਰੀਆਂ ਨੂੰ ਜਰਖੜ ਖੇਡਾਂ ਦੇ ਫਾਈਨਲ ਸਮਾਗਮ ’ਤੇ ਦਸੰਬਰ ਮਹੀਨੇ ਵਿਸ਼ੇਸ਼ ਐਵਾਰਡਾਂ ਨਾਲ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਅਮਰੀਕ ਸਿੰਘ ਮਿਨਹਾਸ ਐੱਸਪੀ, ਗੁਰਸਤਿੰਦਰ ਸਿੰਘ ਪਰਗਟ, ਰਵਿੰਦਰ ਸਿੰਘ ਕਾਲਾ ਘਵੱਦੀ ਆਦਿ ਸਮੇਤ ਹਾਕੀ ਪ੍ਰੇਮੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਸਮਰਾਲਾ (ਡੀਪੀਐੱਸ ਬਤਰਾ): ਟੋਕਿਓ ’ਚ ਚੱਲ ਰਹੀਆਂ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਪੁਰਸ਼ ਹਾਕੀ ਟੀਮ ਵੱਲੋਂ 41 ਸਾਲ ਬਾਅਦ ਤਗਮੇ ਦਾ ਸੋਕਾ ਤੋੜਦਿਆਂ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਇਸ ਜਿੱਤ ਦੀ ਖੁਸ਼ੀ ਨੂੰ ਅੱਜ ਸਮਰਾਲਾ ਹਾਕੀ ਕਲੱਬ ਵੱਲੋਂ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਦੀ ਅਗਵਾਈ ਹੇਠ ਬਾਜ਼ਾਰ ਵਿੱਚ ਲੱਡੂ ਵੰਡ ਕੇ ਸਾਂਝਾ ਕੀਤਾ ਗਿਆ।
ਹਾਕੀ ਦੇ ਜੇਤੂਆਂ ਨੂੰ 10-10 ਕਰੋੜ ਦੇਵੇ ਸਰਕਾਰ: ਜਰਖੜ
ਲੁਧਿਆਣਾ (ਖੇਤਰੀ ਪ੍ਰਤੀਨਿਧ): ਟੋਕੀਓ ਓਲੰਪਿਕ ਖੇਡਾਂ 2021 ਵਿੱਚ ਕਾਂਸੀ ਤਗਮਾ ਜਿੱਤ ਕੇ ਨਵਾਂ ਇਤਿਹਾਸ ਸਿਰਜਣ ਵਾਲੀ ਭਾਰਤੀ ਹਾਕੀ ਟੀਮ ਦੇ ਹਰ ਖਿਡਾਰੀ ਨੂੰ ਪੰਜਾਬ ਸਰਕਾਰ 10-10 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਅਤੇ ਗਜ਼ਟਿਡ ਨੌਕਰੀ ਦੇਵੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਾਕੀ ਪ੍ਰਮੋਟਰ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਇਥੇ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਨੂੰ ਮਾਸਕੋ ਓਲੰਪਿਕ 1980 ਤੋਂ ਬਾਅਦ ਹੁਣ ਤਗਮਾ ਹਾਸਲ ਹੋਇਆ ਹੈ। ਪੰਜਾਬ ਸਰਕਾਰ ਉਨ੍ਹਾਂ ਸਾਰੇ ਖਿਡਾਰੀਆਂ ਨੂੰ ਪੰਜਾਬ ਵਿੱਚ ਵੱਖ ਵੱਖ ਵਿਭਾਗਾਂ ’ਚ ਵੱਡੇ ਰੈਂਕ ਦੀਆਂ ਨੌਕਰੀਆਂ ਦੇਵੇ। ਓਲੰਪੀਅਨ ਹਰਦੀਪ ਸਿੰਘ ਗਰੇਵਾਲ ਨੇ ਆਖਿਆ ਕਿ ਜੇਕਰ ਪੰਜਾਬ ਵਿੱਚ ਹਾਕੀ ਨੂੰ ਵਧਾਉਣਾ ਹੈ ਤਾਂ ਪੇਂਡੂ ਖੇਤਰਾਂ ਵਿੱਚ ਵੱਧ ਤੋਂ ਵੱਧ ਅਸਟਰੋਟਰਫ਼ ਗਰਾਊਂਡਾਂ ਦਾ ਨਿਰਮਾਣ ਕੀਤਾ ਜਾਵੇ। ਦਰੋਣਾਚਾਰੀਆ ਐਵਾਰਡੀ ਕੋਚ ਬਲਦੇਵ ਸਿੰਘ ਨੇ ਆਖਿਆ ਕਿ ਜੇਕਰ ਪੰਜਾਬ ਦੀ ਹਾਕੀ ਨੂੰ ਸੁਨਹਿਰੀ ਯੁੱਗ ਦੇ ਵਿੱਚ ਲੈ ਕੇ ਜਾਣਾ ਹੈ ਤਾਂ ਖਿਡਾਰੀਆਂ ਦੇ ਹਿੱਤ ਲਈ ਇੱਕ ਠੋਸ ਖੇਡ ਨੀਤੀ ਬਣੇ। ਹਾਕੀ ਨੂੰ ਸਕੂਲ ਦੇ ਵਿਚ ਇਕ ਲਾਜ਼ਮੀ ਵਿਸ਼ੇ ਵਜੋਂ ਲਿਆ ਜਾਵੇ।
ਪੰਜਾਬ ਬਾਸਕਟਬਾਲ ਐਸੋਸੀਏਸ਼ਨ ਨੇ ਜਿੱਤ ਦੀ ਖੁਸ਼ੀ ਮਨਾਈ
ਪੰਜਾਬ ਬਾਸਕਟਬਾਲ ਐਸੋਸੀਏਸ਼ਨ ਅਤੇ ਲੁਧਿਆਣਾ ਬਾਸਕਟਬਾਲ ਐਸੋਸੀਏਸ਼ਨ ਦੀ ਅਗਵਾਈ ਹੇਠ ਖਿਡਾਰੀਆਂ ਵੱਲੋਂ ਅੱਜ ਗੁਰੂ ਨਾਨਕ ਸਟੇਡੀਅਮ ਵਿੱਚ ਇਕੱਠੇ ਹੋ ਕਿ ਓਲੰਪਿਕਸ ਵਿੱਚੋਂ ਕਾਂਸੇ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਹੱਕ ਵਿੱਚ ਖੁਸ਼ੀਆਂ ਮਨਾਈਆਂ ਗਈਆਂ। ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਜਿੱਤ ਨੇ ਦੇਸ਼ ਦੇ ਖਿਡਾਰੀਆਂ ਵਿੱਚ ਹੋਰ ਜੋਸ਼ ਭਰ ਦਿੱਤਾ ਹੈ।