ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 11 ਫਰਵਰੀ
ਮਰਹੂਮ ਓਲੰਪੀਅਨ ਕਰਨਲ ਜਸਵੰਤ ਸਿੰਘ ਗਿੱਲ, ਏਸ਼ੀਅਨ ਚੈਂਪੀਅਨ ਮਰਹੂਮ ਕੈਪਟਨ ਕਰਨੈਲ ਸਿੰਘ ਗਿੱਲ ਅਤੇ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਸਮਰਪਿਤ ਟੂਰਨਾਮੈਂਟ ਸੁਧਾਰ ਦਾ ਕਬੱਡੀ 45 ਕਿੱਲੋਗਰਾਮ ਦਾ ਖ਼ਿਤਾਬ ਪੁਰਹੀਰਾ ਕਲੱਬ ਸਹੌਲੀ ਨੇ ਬੁਰਜ ਹਰੀ ਸਿੰਘ ਦੀ ਟੀਮ ਨੂੰ ਹਰਾ ਕੇ ਜਿੱਤ ਲਿਆ। ਹਾਕੀ ਦੇ ਸ਼ੁਰੂਆਤੀ ਮੁਕਾਬਲਿਆਂ ਵਿਚ ਤਖਾਣਵੱਧ ਦੀ ਟੀਮ ਨੇ ਭਗਤਾ, ਬੁੱਟਰ ਨੇ ਮੇਜ਼ਬਾਨ ਸੁਧਾਰ, ਬੱਧਨੀ ਕਲਾਂ ਨੇ ਬਾਰਦੇਕੇ, ਅਕਾਲਗੜ੍ਹ ਨੇ ਰੂਮੀ ਅਤੇ ਜੱਸੋਵਾਲ ਨੇ ਹੇਰਾਂ ਪਿੰਡ ਦੀਆਂ ਟੀਮਾਂ ਨੂੰ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕਰ ਲਿਆ। ਗੁਰੂ ਹਰਗੋਬਿੰਦ ਸਪੋਰਟਸ ਕਲੱਬ ਸੁਧਾਰ ਵੱਲੋਂ ਕਰਵਾਏ ਜਾ ਰਹੇ 47ਵੇਂ ਟੂਰਨਾਮੈਂਟ ਦਾ ਉਦਘਾਟਨ ਪਰਵਾਸੀ ਪੰਜਾਬੀ ਰਣਜੀਤ ਸਿੰਘ ਜੱਗਾ ਗਿੱਲ ਅਤੇ ਸੁਰਿੰਦਰ ਸਿੰਘ ਗਿੱਲ ਵੱਲੋਂ ਕਲੱਬ ਦਾ ਝੰਡਾ ਲਹਿਰਾ ਕੇ ਕੀਤਾ ਗਿਆ। ਫੁੱਟਬਾਲ ਦੇ ਮੁਕਾਬਲਿਆਂ ਵਿਚ ਚੌਕੀਮਾਨ ਨੂੰ ਜੱਸੋਵਾਲ, ਰੂਮੀ ਨੂੰ ਮੇਜ਼ਬਾਨ ਸੁਧਾਰ, ਲੀਲ੍ਹਾਂ ਨੂੰ ਅੱਬੂਵਾਲ ਅਤੇ ਭਮੱਦੀ ਨੂੰ ਚੀਮਾ ਪਿੰਡ ਦੀਆਂ ਟੀਮਾਂ ਨੇ ਹਰਾ ਕੇ ਆਪਣੇ ਸ਼ੁਰੂਆਤੀ ਮੈਚ ਜਿੱਤ ਲਏ ਹਨ। ਕਲੱਬ ਪ੍ਰਧਾਨ ਚਰਨਜੀਤ ਸਿੰਘ ਗਿੱਲ ਅਨੁਸਾਰ ਭਲਕੇ ਓਲੰਪੀਅਨ ਕਰਨਲ ਜਸਵੰਤ ਸਿੰਘ ਦੀ ਯਾਦ ਨੂੰ ਸਮਰਪਿਤ ਜਿਮਨੇਜ਼ੀਅਮ ਲੋਕ ਅਰਪਣ ਕੀਤਾ ਜਾਵੇਗਾ।