ਸਤਵਿੰਦਰ ਬਸਰਾ
ਲੁਧਿਆਣਾ, 16 ਫਰਵਰੀ
ਪੀਏਯੂ ਵਿੱਚ ਵੱਖ-ਵੱਖ ਕੋਰਸਾਂ ਦੀ ਪੜ੍ਹਾਈ ਕਰਦੇ ਵਿਦਿਆਰਥੀਆਂ ਨੇ ਪ੍ਰੀਖਿਆ ਆਫਲਾਈਨ ਦੀ ਥਾਂ ਆਨਲਾਈਨ ਲੈਣ ਦੀ ਮੰਗ ਲਈ ਅੱਜ ਥਾਪਰ ਹਾਲ ਅੱਗੇ ਅਣਮਿੱਥੇ ਸਮੇਂ ਲਈ ਰੋਸ ਧਰਨਾ ਲਗਾ ਦਿੱਤਾ। ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜੇ ਪੜ੍ਹਾਈ ਆਨਲਾਈਨ ਹੋਈ ਹੈ ਤਾਂ ਪ੍ਰੀਖਿਆ ਵੀ ਆਨਲਾਈਨ ਹੀ ਲਈ ਜਾਵੇ।
ਪੀਏਯੂ ਦੇ ਵਿਦਿਆਰਥੀਆਂ ਨੇ ਪਹਿਲਾਂ ਵੱਖ ਵੱਖ ਵਿਭਾਗਾਂ ਅੱਗੋਂ ਦੀ ਰੋਸ ਰੈਲੀ ਕੀਤੀ ਅਤੇ ਅਖੀਰ ਥਾਪਰ ਹਾਲ ਅੱਗੇ ਰੋਸ ਧਰਨਾ ਲਗਾ ਦਿੱਤਾ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਵਿਦਿਆਰਥੀਆਂ ਆਗੂਆਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਰ ਕੇ ਪਿਛਲੇ ਦੋ ਸਾਲਾਂ ਤੋਂ ’ਵਰਸਿਟੀ ਵਿਚ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਸਨ, ਪ੍ਰੀਖਿਆ ਵੀ ਆਨਲਾਈਨ ਹੀ ਲਈ ਜਾ ਰਹੀ ਸੀ। ਪਿਛਲੇ ਦਿਨੀਂ ’ਵਰਸਿਟੀ ਪ੍ਰਸ਼ਾਸਨ ਨੇ ਆਫਲਾਈਨ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ। ਇਸ ਫੁਰਮਾਨ ਖ਼ਿਲਾਫ਼ ਹੀ ਉਹ ਸੜਕਾਂ ’ਤੇ ਉੱਤਰੇ ਹਨ। ਉਨ੍ਹਾਂ ਕਿਹਾ ਕਿ ਜੇ ਪੜ੍ਹਾਈ ਆਨਲਾਈਨ ਹੋਈ ਹੈ ਤਾਂ ਇਸ ਵਾਰ ਵੀ ਪ੍ਰੀਖਿਆ ਆਨਲਾਈਨ ਹੀ ਲਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿੰਨੀ ਦੇਰ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਧਰਨਾ ਦਿਨ-ਰਾਤ ਜਾਰੀ ਰਹੇਗਾ।
ਮਾਮਲੇ ਨੂੰ ਜਲਦੀ ਸੁਲਝਾ ਲਿਆ ਜਾਵੇਗਾ: ਰਜਿਸਟਰਾਰ
ਪੀਏਯੂ ਦੇ ਰਜਿਸਟਰਾਰ ਡਾ. ਸ਼ੰਮੀ ਕਪੂਰ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਰ ਕੇ ਸਰਕਾਰ ਵੱਲੋਂ ਕੀਤੇ ਫ਼ੈਸਲੇ ਅਨੁਸਾਰ ਬੱਚਿਆਂ ਦੀ ਪੜ੍ਹਾਈ ਖ਼ਰਾਬ ਹੋਣ ਤੋਂ ਬਚਾਉਣ ਲਈ ਆਨਲਾਈਨ ਪੜ੍ਹਾਈ ਕਰਵਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਹੁਣ ਸਰਕਾਰ ਨੇ ਕਾਲਜ ਤੇ ਯੂਨੀਵਰਸਿਟੀਆਂ ਖੋਲ੍ਹ ਦਿੱਤੀਆਂ ਹਨ ਜਿਸ ਕਰ ਕੇ ਰੈਗੂਲਰ ਕਲਾਸਾਂ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਪ੍ਰੀਖਿਆ ਵੀ ਆਫਲਾਈਨ ਲੈਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਡਾ. ਕਪੂਰ ਨੇ ਕਿਹਾ ਕਿ ਇਸ ਸਬੰਧੀ ਵਿਦਿਆਰਥੀ ਆਗੂਆਂ ਨਾਲ ਮੀਟਿੰਗ ਵੀ ਕਰ ਲਈ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਮਾਮਲੇ ਨੂੰ ਜਲਦੀ ਸੁਲਝਾ ਲਿਆ ਜਾਵੇਗਾ।