ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 12 ਮਾਰਚ
ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਮੀਟਿੰਗ ਪ੍ਰਧਾਨ ਕ੍ਰਿਸ਼ਨ ਬਾਵਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਅਮਰਜੀਤ ਸਿੰਘ ਓਬਰਾਏ ਨੂੰ ਫਾਊਂਡੇਸ਼ਨ ਦਾ ਚੇਅਰਮੈਨ ਬਣਾਇਆ ਗਿਆ। ਸ੍ਰੀ ਬਾਵਾ ਤੋਂ ਇਲਾਵਾ ਕਰਨੈਲ ਸਿੰਘ ਗਿੱਲ, ਮਹਿਲਾ ਵਿੰਗ ਪ੍ਰਧਾਨ ਬਲਜਿੰਦਰ ਕੌਰ ਕੌਂਸਲਰ ਅਤੇ ਪ੍ਰਚਾਰ ਸਕੱਤਰ ਰੇਸ਼ਮ ਸਿੰਘ ਸੱਗੂ ਨੇ ਚੇਅਰਮੈਨ ਅਮਰਜੀਤ ਸਿੰਘ ਉਬਰਾਏ ਦਾ ਸਨਮਾਨ ਕੀਤਾ। ਪ੍ਰਧਾਨ ਬਾਵਾ ਅਤੇ ਚੇਅਰਮੈਨ ਉਬਰਾਏ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 351ਵੇਂ ਜਨਮ ਦਿਹਾੜੇ ’ਤੇ ਪੰਜਾਬ ਤੋਂ ਦਿੱਲੀ ਤੱਕ 16 ਤੋਂ 21 ਮਾਰਚ ਤਕ ਧਾਰਮਿਕ ਯਾਤਰਾ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਸਵੇਰੇ ਰਵਾਨਾ ਹੋਵੇਗੀ। ਉਨ੍ਹਾਂ ਦੱਸਿਆ ਕਿ ਯਾਤਰਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਨਤਮਸਤਕ ਹੋਣ ਉਪਰੰਤ ਡੇਰਾ ਬਾਬਾ ਨਾਨਕ, ਗੁਰਦਾਸ ਨੰਗਲ ਗੜ੍ਹੀ, ਬਾਬਾ ਬਕਾਲਾ ਸਮੇਤ ਵੱਖ ਵੱਖ ਅਸਥਾਨਾਂ ਤੋਂ ਹੁੰਦੀ ਹੋਈ ਚੱਪੜਚਿੜੀ ਸਰਹਿੰਦ, ਗੁਰਦੁਆਰਾ ਮਜਨੂੰ ਟਿੱਲਾ ਦਿੱਲੀ ਵਿੱਚ ਵਿਸ਼ਰਾਮ ਤੋਂ ਬਾਦ 20 ਮਾਰਚ ਨੂੰ ਸਵੇਰੇ ਗੁਰਦੁਆਰਾ ਸੀਸਗੰਜ ਦਿੱਲੀ ਵਿੱਚ ਦੀਵਾਨ ਸਜਾਉਣ ਤੋਂ ਬਾਅਦ ਗੁਰਦੁਆਰਾ ਰਕਾਬ ਗੰਜ ਵਿੱਚ ਨਤਮਸਤਕ ਹੋਵੇਗੀ ਅਤੇ 21 ਮਾਰਚ ਨੂੰ ਯਾਤਰਾ ਰਕਬਾ ਭਵਨ ਲੁਧਿਆਣਾ ਵਿੱਖੇ ਪੁੱਜ ਕੇ ਸਮਾਪਤ ਹੋਵੇਗੀ।