ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਮਾਰਚ
ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੇ ਆਗੂ ਭਗਵੰਤ ਮਾਨ ਬੁੱਧਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਜ਼ੱਦੀ ਪਿੰਡ ਖਟਕੜ ਕਲਾਂ ’ਚ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈਣ ਦੇ ਲਈ ਹੁਣ ਨਵੇਂ ਚੁਣੇ ਵਿਧਾਇਕਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਹਰ ਵਿਧਾਇਕ ਨੂੰ ਆਪਣੇ ਨਾਲ ਵੱਡੀ ਗਿਣਤੀ ’ਚ ਵਰਕਰ ਲੈ ਕੇ ਖਟਕੜ ਕਲਾਂ ਪੁੱਜਣ ਲਈ ਆਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ’ਚੋਂ ਕਰੀਬ 50 ਹਜ਼ਾਰ ਲੋਕ ਸਹੁੰ ਚੁੱਕ ਸਮਾਗਮ ’ਚ ਪੁੱਜਣਗੇ। ਨਵੇਂ ਚੁਣੇ ਵਿਧਾਇਕਾਂ ਨੇ ਵਰਕਰਾਂ ਨੂੰ ਸਹੁੰ ਚੁੱਕਣ ਸਮਾਗਮ ’ਚ ਜਾਣ ਲਈ ਤਿਆਰ ਕਰ ਲਿਆ ਹੈ। ਇਸ ਦੇ ਲਈ ਵਿਧਾਇਕ ਆਪਣੇ ਆਪਣੇ ਹਲਕਿਆਂ ’ਚ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ। ਲੁਧਿਆਣਾ ਸ਼ਹਿਰ ਦੇ ਵਿਧਾਇਕਾਂ ਨੇ ਵਾਰਡ ਪੱਧਰ ’ਤੇ ਆਗੂਆਂ ਨਾਲ ਗੱਲਬਾਤ ਕਰ ਉਨ੍ਹਾਂ ਨੂੰ ਵਰਕਰ ਇਕੱਠੇ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਕੌਂਸਲਰ ਟਿਕਟ ਦੇ ਚਾਹਵਾਨ ਆਗੂਆਂ ਨੇ ਆਪਣੇ ਆਪਣੇ ਪੱਧਰ ’ਤੇ ਖਟਕੜ ਕਲਾਂ ਦੇ ਲਈ ਵਰਕਰਾਂ ਨੂੰ ਤਿਆਰ ਕਰ ਲਿਆ ਹੈ। ਬੁੱਧਵਾਰ ਸਵੇਰੇ ਨਵੇਂ ਚੁਣੇ ਵਿਧਾਇਕ ਆਪਣੇ ਆਪਣੇ ਕਾਫ਼ਲੇ ਲੈ ਕੇ ਖਟਕੜ ਕਲਾਂ ਲਈ ਰਵਾਨਾ ਹੋਣਗੇ। ਵਿਧਾਇਕਾਂ ਨੇ ਵਰਕਰਾਂ ਨੂੰ ਕਿਹਾ ਹੈ ਕਿ ਮੁੱਖ ਮੰਤਰੀ ਦੀ ਸਹੁੰ ਲੈਣ ਵਾਲੇ ਆਗੂ ਭਗਵੰਤ ਮਾਨ ਨੇ ਅਪੀਲ ਕੀਤੀ ਹੈ ਕਿ ਹਰ ਪੁਰਸ਼ ਵਰਕਰ ਬਸੰਤੀ ਪੱਗ ਅਤੇ ਮਹਿਲਾ ਵਰਕਰ ਬਸੰਤੀ ਚੁੰਨੀ ਲੈ ਕੇ ਪ੍ਰੋਗਰਾਮ ’ਚ ਆਉਣ। ਇਸ ਲਈ ਸਾਰੇ ਅਹੁਦੇਦਾਰ ਇਸ ਦਾ ਖ਼ਾਸ ਧਿਆਨ ਰੱਖਣ।
ਵਿਧਾਇਕਾਂ ਨੂੰ ਮਿਲ ਰਹੇ ਨੇ ਵਿਸ਼ੇਸ਼ ਪਾਸ
ਸਹੁੰ ਚੁੱਕ ਪ੍ਰੋਗਰਾਮ ਵਿਚ ਵਿਧਾਇਕਾਂ ਦੇ ਬੈਠਣ ਲਈ ਵੱਖਰਾ ਬਲਾਕ ਤਿਆਰ ਕੀਤਾ ਗਿਆ ਹੈ। ਸਹੁੰ ਚੁੱਕ ਸਮਾਗਮ ਸਬੰਧੀ ਵਿਧਾਇਕਾਂ ਨੂੰ ਪਾਸ ਭੇਜੇ ਗਏ ਹਨ। ਇਹ ਪਾਸ ਜ਼ਿਲ੍ਹਾ ਅਧਿਕਾਰੀਆਂ ਦੇ ਰਾਹੀਂ ਵਿਧਾਇਕਾਂ ਨੂੰ ਦਿੱਤੇ ਜਾ ਰਹੇ ਹਨ। ਲੁਧਿਆਣਾ ਜ਼ਿਲ੍ਹੇ ਦੇ ਵਿਧਾਇਕਾਂ ਨੂੰ ਪਾਸ ਜਾਰੀ ਕੀਤੇ ਚੁੱਕੇ ਹਨ।