ਰਾਮ ਗੋਪਾਲ ਰਾਏਕੋਟੀ
ਰਾਏਕੋਟ, 8 ਦਸੰਬਰ
ਦੇਸ਼ ਭਰ ਦੇ ਕਿਸਾਨਾਂ ਵੱਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਅੱਜ ਰਾਏਕੋਟ ਵਿੱਚ ਜਬਰਦਸਤ ਹੁੰਗਾਰਾ ਮਿਲਿਆ। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਸਥਾਨਕ ਸ਼ਹਿਰ ਦੀਆਂ ਦੁਕਾਨਦਾਰ ਯੂਨੀਅਨਾਂ ਅਤੇ ਵਪਾਰਕ ਜਥੇਬੰਦੀਆਂ ਨੇ ਸ਼ਹਿਰ ਦੇ ਸਾਰੇ ਵਪਾਰਕ ਅਦਾਰੇ ਅਤੇ ਬਜ਼ਾਰ ਪੂਰੀ ਤਰ੍ਹਾਂ ਬੰਦ ਰੱਖੇ। ਜਥੇਬੰਦੀਆਂ ਵਲੋ ਇਨ੍ਹਾਂ ਕਾਲੇ ਕਾਨੂੰਨਾਂ ਦੇ ਵਿਰੋਧ ’ਚ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਸੜਕੀ ਆਵਾਜਾਈ ਨੂੰ ਠੱਪ ਕਰਦੇ ਹੋਏ ਕਈ ਥਾਵਾਂ ’ਤੇ ਰੋਸ ਮੁਜ਼ਾਹਰੇ ਕੀਤੇ ਗਏ। ਰੋਸ ਮੁਜ਼ਾਹਰਿਆਂ ਨੂੰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਗੁਰਚਰਨ ਸਿੰਘ ਬੜਿੰਗ, ਸੀਟੂ ਆਗੂ ਜਤਿੰਦਰਪਾਲ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤਰਲੋਚਨ ਸਿੰਘ ਝੋਰੜਾਂ, ਜ਼ਮਹੂਰੀਅਤ ਕਿਸਾਨ ਸਭਾ ਦੇ ਮਾਸਟਰ ਮਹਿੰਦਰ ਸਿੰਘ ਅੱਚਰਵਾਲ, ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਦਿਹਾਤੀ ਮਜ਼ਦੂਰ ਯੂਨੀਅਨ ਦੇ ਹਰਬੰਸ ਸਿੰਘ ਲੋਹਟਬੱਦੀ, ਬੀਕੇਯੂ ਰਾਜੇਵਾਲ ਦੇ ਕਰਮਜੀਤ ਸਿੰਘ ਬਰਮ੍ਹੀ, ਬੀਕੇਯੂ ਕਾਦੀਆਂ ਦੇ ਗੁਰਜੀਤ ਸਿੰਘ ਗਿੱਲ, ਮੁਸਲਿਮ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਮੁਹੰਮਦ ਇਮਰਾਨ ਖਾਨ, ਵਪਾਰਕ ਆਗੂ ਡਾ. ਪ੍ਰਵੀਨ ਅਗਰਵਾਲ, ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ ਵਲੋਂ ਸੰਬੋਧਨ ਕੀਤਾ ਗਿਆ।
ਮਾਛੀਵਾੜਾ(ਗੁਰਦੀਪ ਸਿੰਘ ਟੱਕਰ): ਭਾਰਤੀ ਕਿਸਾਨ ਯੂਨੀਅਨਾਂ ਵਲੋਂ ਖੇਤੀਬਾੜੀ ਬਿੱਲਾਂ ਨੂੰ ਰੱਦ ਕਰਨ ਨੂੰ ਲੈ ਕੇ ਅੱਜ ਭਾਰਤ ਬੰਦ ਦੇ ਸੱਦੇ ’ਤੇ ਮਾਛੀਵਾੜਾ ਸ਼ਹਿਰ ਮੁਕੰਮਲ ਬੰਦ ਰਿਹਾ। ਇਸ ਤੋਂ ਇਲਾਵਾ ਇਲਾਕੇ ਦੀਆਂ ਸਿਆਸੀ ਪਾਰਟੀਆਂ ਅਤੇ ਹੋਰਨਾਂ ਜਥੇਬੰਦੀਆਂ ਨੇ ਇੱਕਜੁਟ ਹੋ ਕੇ ਇਨ੍ਹਾਂ ਬਿੱਲਾਂ ਖਿਲਾਫ਼ ਮਾਛੀਵਾੜਾ ਮੇਨ ਚੌਂਕ ’ਚ ਧਰਨਾ ਦਿੱਤਾ ਅਤੇ ਮੋਦੀ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਸਾਬਕਾ ਪ੍ਰਧਾਨ ਦਲਜੀਤ ਸਿੰਘ ਗਿੱਲ, ਪ੍ਰਦੇਸ਼ ਸਕੱਤਰ ਕਸਤੂਰੀ ਲਾਲ ਮਿੰਟੂ, ਅਮਰੀਕ ਸਿੰਘ ਧਾਲੀਵਾਲ, ਰੁਪਿੰਦਰ ਸਿੰਘ ਬੈਨੀਪਾਲ, ਪ੍ਰਿੰਸੀਪਲ ਸੁਰਜੀਤ ਸਿੰਘ, ਮਨਜੀਤ ਮੱਕੜ, ਕਾਮਰੇਡ ਰਣਜੀਤ ਸਿੰਘ, ਪਰਮਜੀਤ ਕੌਰ ਨੀਲੋਂ, ਕਾਮਰੇਡ ਸੰਦੀਪ ਸ਼ਰਮਾ, ਲਖਵੀਰ ਸਿੰਘ, ਜਸਪਾਲ ਸਿੰਘ ਜੱਜ, ਸਵਰਨ ਸਿੰਘ ਮਾਂਗਟ, ਦਵਿੰਦਰ ਸਿੰਘ ਬਵੇਜਾ, ਮਾ. ਰਾਮ ਸਿੰਘ ਕਾਲੜਾ, ਰਾਜਵੰਤ ਸਿੰਘ ਗਿੱਲ, ਜਗਦੀਸ਼ ਸਿੰਘ, ਨੰਦ ਕਿਸ਼ੋਰ ਸ਼ਰਮਾ ਆਦਿ ਹਾਜ਼ਰ ਸਨ।
ਸਮਰਾਲਾ(ਡੀਪੀ ਐੱਸ ਬੱਤਰਾ): ਸਮਰਾਲਾ ਸ਼ਹਿਰ ਵੀ ਮੁਕੰਮਲ ਤੌਰ ’ਤੇ ਬੰਦ ਰਿਹਾ। ਇਸ ਮੌਕੇ ਕਿਸਾਨਾਂ ਨੇ ਮੁੱਖ ਚੌਂਕ ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਚੱਕਾ ਜਾਮ ਕਰਕੇ ਧਰਨਾ ਲਗਾਇਆ। ਚੱਕਾ ਜਾਮ ਰੋਸ ਪ੍ਰਦਸ਼ਨ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ ਨੇ ਆਖਿਆ ਕਿ ਦਿੱਲੀ ਵਿੱਚ ਧਰਨਾ ਮਾਰ ਕੇ ਬੈਠੇ ਦੇਸ਼ ਭਰ ਦੇ ਕਿਸਾਨ ਆਜ਼ਾਦੀ ਦੀ ਦੂਜੀ ਲੜਾਈ ਲੜ ਰਹੇ ਹਨ ਅਤੇ ਇਸ ਲੜਾਈ ਵਿੱਚ ਸਾਰਾ ਦੇਸ਼ ਅੱਜ ਕਿਸਾਨਾਂ ਦੇ ਨਾਲ ਆ ਕੇ ਖੜ ਗਿਆ ਹੈ। ਇਸ ਮੌਕੇ ਗਿਆਨੀ ਮਹਿੰਦਰ ਸਿੰਘ ਭੰਗਲਾਂ, ਸਾਬਕਾ ਚੇਅਰਮੈਨ ਜੋਗਿੰਦਰ ਸਿੰਘ ਸੇਹ, ਜਿਊਣ ਸਿੰਘ ਢੀਡਸਾ, ਪ੍ਰਗਟ ਸਿੰਘ ਪਨੈਚ, ਕੁਲਦੀਪ ਸਿੰਘ ਘਰਖਣਾ, ਪ੍ਰੋ. ਬਲਜੀਤ ਸਿੰਘ ਬੌਂਦਲੀ ਹਾਜ਼ਰ ਸਨ।
ਸੁਧਾਰ, ਮੁੱਲਾਂਪੁਰ-ਦਾਖਾ, ਜੋਧਾਂ, ਹਲਵਾਰਾ ਦੇ ਬਜ਼ਾਰ ਰਹੇ ਮੁਕੰਮਲ ਬੰਦ
ਗੁਰੂਸਰ ਸੁਧਾਰ(ਸੰਤੋਖ ਗਿੱਲ): ਇਥੇ ਇਲਾਕੇ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਵੀ ਬੇਮਿਸਾਲ ਹੁੰਗਾਰਾ ਮਿਲਿਆ। ਕਸਬਾ ਸੁਧਾਰ, ਮੁੱਲਾਂਪੁਰ-ਦਾਖਾ, ਜੋਧਾਂ, ਹਲਵਾਰਾ ਵਿੱਚ ਬਾਜ਼ਾਰ ਮੁਕੰਮਲ ਬੰਦ ਰਹੇ ਅਤੇ ਪਿੰਡਾਂ ਦੇ ਮੁਹੱਲਿਆਂ ਵਿੱਚ ਛੋਟੀਆਂ-ਮੋਟੀਆਂ ਦੁਕਾਨਾਂ, ਰੇੜੀਆਂ-ਫੜ੍ਹੀਆਂ ਵੀ ਬਾਜ਼ਾਰਾਂ ਵਿੱਚ ਨਾ ਆਉਣ ਕਾਰਨ ਚਾਰੇ ਪਾਸੇ ਸੁੰਨ ਪਸਰੀ ਰਹੀ। ਇੱਥੋਂ ਤੱਕ ਕਿ ਫਲ-ਸਬਜ਼ੀਆਂ, ਦੁੱਧ ਦੀ ਸਪਲਾਈ ਅਤੇ ਦਵਾਈਆਂ ਦੀਆਂ ਦੁਕਾਨਾਂ ਵੀ ਬੰਦ ਰਹੀਆਂ। ਲੁਧਿਆਣਾ ਬਠਿੰਡਾ ਰਾਜ ਮਾਰਗ ਉੱਪਰ ਹਿੱਸੋਵਾਲ ਟੌਲ ਪਲਾਜ਼ਾ, ਬੁਢੇਲ ਅਤੇ ਹਲਵਾਰਾ ਤੋਂ ਇਲਾਵਾ ਲੁਧਿਆਣਾ ਤੋਂ ਵਾਇਆ ਜੋਧਾਂ ਰਾਏਕੋਟ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਉੱਪਰ ਕਸਬਾ ਜੋਧਾਂ, ਸਰਾਭਾ ਅਤੇ ਕੈਲ਼ੇ ਚੌਕ ਵਿੱਚ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਨੇ ਨਾਕੇਬੰਦੀ ਕਰ ਕੇ ਮੁੱਖ ਮਾਰਗ ਪੂਰੀ ਤਰ੍ਹਾਂ ਜਾਮ ਕੀਤੇ ਹੋਏ ਸਨ। ਹਿੱਸੋਵਾਲ ਟੌਲ ਪਲਾਜ਼ਾ ਉੱਪਰ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾ ਅਤੇ ਮੁਲਾਜ਼ਮਾਂ ਦੇ ਭਾਰੀ ਇਕੱਠ ਨੂੰ ਸਾਬਕਾ ਵਿਧਾਇਕ ਤਰਸੇਮ ਜੋਧਾਂ, ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਪ੍ਰਧਾਨ ਸਰਬਜੀਤ ਕੌਰ ਹੇਰਾਂ, ਦਰਜਨ ਦੇ ਕਰੀਬ ਪਿੰਡਾਂ ਦੇ ਸਰਪੰਚ, ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ। ਪਿੰਡ ਬੁਢੇਲ, ਟੌਲ ਪਲਾਜ਼ਾ ਹਿੱਸੋਵਾਲ ਅਤੇ ਕੈਲ਼ੇ ਚੌਕ ਵਿੱਚ ਕੁਝ ਨੌਜਵਾਨ ਰਾਹਗੀਰਾਂ ਨਾਲ ਬੇਲੋੜੀ ਬਹਿਸ ਕਰਦੇ ਦੇਖੇ ਗਏ। ਥਾਣਾ ਸੁਧਾਰ, ਦਾਖਾ ਅਤੇ ਥਾਣਾ ਜੋਧਾਂ ਦੇ ਪੁਲੀਸ ਦੇ ਅਧਿਕਾਰੀਆਂ ਨੇ ਸਥਿਤੀ ਉੱਪਰ ਨਜ਼ਰ ਰੱਖੀ ਹੋਈ ਸੀ।