ਸੰਤੋਖ ਗਿੱਲ
ਗੁਰੂਸਰ ਸੁਧਾਰ, 27 ਸਤੰਬਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਰਤ ਬੰਦ ਨੂੰ ਇਲਾਕੇ ਵਿਚ ਭਾਰੀ ਸਮਰਥਨ ਮਿਲਿਆ। ਸੜਕਾਂ ਅਤੇ ਬਾਜ਼ਾਰਾਂ ਵਿਚ ਸੁੰਨ ਪੱਸਰੀ ਰਹੀ, ਪਿੰਡਾਂ ਦੇ ਮੁਹੱਲਿਆਂ ਵਿਚ ਛੋਟੀਆਂ-ਮੋਟੀਆਂ ਦੁਕਾਨਾਂ ਵੀ ਬੰਦ ਰਹੀਆਂ, ਕਸਬਿਆਂ ਵਿਚ ਚਾਹ ਦੀਆਂ ਦੁਕਾਨਾਂ ਵੀ ਨਾ ਖੁੱਲ੍ਹੀਆਂ, ਫਲਾਂ ਅਤੇ ਸਬਜ਼ੀਆਂ ਦੀਆਂ ਰੇਹੜੀਆਂ ਵੀ ਨਾ ਲੱਗੀਆਂ। ਜ਼ਰੂਰੀ ਸੇਵਾਵਾਂ ਲਈ ਛੋਟ ਦੇ ਬਾਵਜੂਦ ਸੁਧਾਰ, ਮੁੱਲਾਂਪੁਰ, ਹਲਵਾਰਾ, ਜੋਧਾਂ, ਡੇਹਲੋਂ, ਪੱਖੋਵਾਲ ਵਿਚ ਦਵਾਈਆਂ ਦੀਆਂ ਦੁਕਾਨਾਂ ਵੀ ਬੰਦ ਹੀ ਰਹੀਆਂ। ਲੁਧਿਆਣਾ-ਬਠਿੰਡਾ ਰਾਜ ਮਾਰਗ ਦੇ ਹਿੱਸੋਵਾਲ-ਰਕਬਾ ਟੌਲ ਪਲਾਜ਼ਾ ਉੱਪਰ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਤੋਂ ਇਲਾਵਾ ਵੱਡੀ ਗਿਣਤੀ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ।