ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਸਤੰਬਰ
ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦਾ ਖਜ਼ਾਨਾ ਖਾਲੀ ਹੈ। ਹੁਣ ਇਸ ਖਜ਼ਾਨੇ ਨੂੰ ਪ੍ਰਾਪਰਟੀ ਟੈਕਸ ਰਾਹੀਂ ਭਰਨ ਲਈ ਨਗਰ ਨਿਗਮ ਨੇ ਤਿਆਰੀ ਖਿੱਚ ਲਈ ਹੈ। ਇਸ ਤਹਿਤ ਸਤੰਬਰ ਦੇ ਹਰ ਸ਼ਨਿਚਵਾਰ ਤੇ ਆਖਰੀ ਐਤਵਾਰ ਨੂੰ ਵੀ ਨਗਰ ਨਿਗਮ ਦੇ ਦਫ਼ਤਰ ਖੋਲ੍ਹੇ ਜਾਣਗੇ। ਇਸ ਦੌਰਾਨ ਪ੍ਰਾਪਰਟੀ ਟੈਕਸ ਤੇ ਪਾਣੀ, ਸੀਵਰੇਜ ਦੇ ਬਿੱਲ ਆਦਿ ਭਰੇ ਜਾ ਸਕਣਗੇ। ਸਾਰਾ ਸਟਾਫ਼ ਜਿਵੇਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦਫ਼ਤਰਾਂ ਵਿੱਚ ਕੰਮ ਕਰਦਾ ਹੈ, ਉਸੇ ਤਰ੍ਹਾਂ ਸ਼ਨਿਚਰਵਾਰ ਨੂੰ ਵੀ ਕਰੇਗਾ।
ਇਸ ਸਬੰਧੀ ਨਗਰ ਨਿਗਮ ਦੇ ਸੁਪਰਡੈਂਟ ਵਿਵੇਕ ਵਰਮਾ ਨੇ ਪੱਤਰ ਜਾਰੀ ਕੀਤਾ ਹੈ ਕਿ ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਵਾਲਿਆਂ ਨੂੰ 10 ਫੀਸਦੀ ਛੂਟ ਦਿੱਤੀ ਜਾ ਰਹੀ ਹੈ। ਇਸ ਲਈ ਨਗਰ ਨਿਗਮ ਦੇ ਵਿੱਤੀ ਹਾਲਾਤ ਤੇ ਆਮ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਹੁਣ ਸਤੰਬਰ ਦਾ ਪੂਰਾ ਮਹੀਨਾ ਸ਼ਨਿਚਰਵਾਰ ਨੂੰ ਦਫ਼ਤਰ ਖੁੱਲ੍ਹਣਗੇ। ਉਨ੍ਹਾਂ ਦੱਸਿਆ ਕਿ 3 ਸਤੰਬਰ, 10 ਸਤੰਬਰ, 17 ਸਤੰਬਰ, 24 ਸਤੰਬਰ (ਸਾਰੇ ਸ਼ਨੀਵਾਰ) ਤੇ 25 ਸਤੰਬਰ ਨੂੰ ਐਤਵਾਰ ਨੂੰ ਆਮ ਦਿਨਾਂ ਵਾਂਗ ਦਫ਼ਤਰ ਖੁੱਲ੍ਹਣਗੇ।
ਨਗਰ ਨਿਗਮ ਨੇ ਅੱਜ ਪਹਿਲੇ ਸ਼ਨਿਚਰਵਾਰ ਦਫ਼ਤਰ ਖੋਲ੍ਹਿਆ ਸੀ। ਇਸ ਦੌਰਾਨ ਪ੍ਰਾਪਰਟੀ ਟੈਕਸ ਦੇ 38 ਲੱਖ ਰੁਪਏ ਤੇ ਪਾਣੀ ਤੇ ਸੀਵਰੇਜ ਬਿੱਲਾਂ ਦੇ 13 ਲੱਖ ਰੁਪਏ ਇਕੱਠੇ ਕੀਤੇ ਗਏ ਹਨ।
26 ਹਜ਼ਾਰ ਡਿਫਾਲਟਰਾਂ ਨੂੰ ਭੇਜੇ ਜਾਣਗੇ ਨੋਟਿਸ
ਪ੍ਰਾਪਰਟੀ ਟੈਕਸ ਦੇ ਪੈਸੇ ਵਸੂਲਣ ਲਈ ਨਗਰ ਨਿਗਮ ਨੇ ਵੀ ਤਿਆਰੀ ਕਰ ਲਈ ਹੈ। ਇਕੱਲੇ ਨਿਗਮ ਜ਼ੋਨ-ਡੀ ਵੱਲੋਂ 26 ਹਜ਼ਾਰ ਡਿਫਾਲਟਰਸ ਨੂੰ ਨੋਟਿਸ ਦੇਣ ਦੀ ਤਿਆਰੀ ਹੋ ਚੁੱਕੀ ਹੈ। ਇਹ ਸਾਰੇ ਪ੍ਰਾਪਰਟੀ ਟੈਕਸ ਤੇ ਪਾਣੀ, ਸੀਵਰੇਜ ਬਿੱਲਾਂ ਦੇ ਡਿਫਾਲਟਰ ਹਨ।
ਮੁਲਾਜ਼ਮ ਤਨਖਾਹਾਂ ਤੋਂ ਵਾਂਝੇ
ਜੀਐੱਸਟੀ ਹਿੱਸਾ ਨਾ ਮਿਲਣ ਕਾਰਨ ਨਿਗਮ ਮੁਲਾਜ਼ਮਾਂ ਨੂੰ ਜੁਲਾਈ ਮਹੀਨੇ ਦੀ ਤਨਖਾਹ ਹਾਲੇ ਤੱਕ ਨਹੀਂ ਮਿਲੀ। ਹੁਣ ਅਗਸਤ ਮਹੀਨਾ ਵੀ ਪੂਰਾ ਲੰਘ ਗਿਆ ਹੈ। ਅਜਿਹੇ ’ਚ ਹੁਣ 2 ਮਹੀਨੇ ਦੀ ਤਨਖਾਹ ਬਕਾਇਆ ਹੈ। ਇਸ ਤੰਗੀ ਨੂੰ ਦੂਰ ਕਰਨ ਲਈ ਰਿਕਵਰੀ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।