ਪੱਤਰ ਪ੍ਰੇਰਕ
ਕੁੱਪ ਕਲਾਂ, 28 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਹਿਮਦਗੜ੍ਹ ਜ਼ਿਲ੍ਹਾ ਮਾਲੇਰਕੋਟਲਾ ਦੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਡਾ. ਅਮਰਜੀਤ ਸਿੰਘ ਧਲੇਰ ਦੀ ਅਗਵਾਈ ਹੇਠ ਗੁਰੂਘਰ ਭੋਗੀਵਾਲ ਵਿੱਚ ਹੋਈ। ਇਸ ਮੌਕੇ ਸ੍ਰੀ ਧਲੇਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਵਿੱਚ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਚੱਲ ਰਹੇ ਪੱਕੇ ਮੋਰਚੇ ਵਿੱਚ 29 ਤਰੀਕ ਨੂੰ ਕਿਸਾਨਾਂ ਦਾ ਵੱਡਾ ਇਕੱਠ ਕਰ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਖਜ਼ਾਨਚੀ ਰਜਿੰਦਰ ਸਿੰਘ ਭੋਗੀਵਾਲ, ਨਛੱਤਰ ਸਿੰਘ ਝਨੇਰ, ਬਲਵਿੰਦਰ ਸਿੰਘ, ਜਸਵੀਰ ਸਿੰਘ,ਜਗਤਾਰ ਸਿੰਘ , ਗੁਰਸੇਵਕ ਸਿੰਘ ਅਤੇ ਵੱਖ ਵੱਖ ਇਕਾਈਆ ਦੇ ਪ੍ਰਧਾਨ ਅਤੇ ਮੈਂਬਰ ਹਾਜ਼ਰ ਸਨ ।
ਪਾਇਲ (ਪੱਤਰ ਪ੍ਰੇਰਕ): ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੰਗਰੂਰ ਵਿੱਚ 29 ਅਕਤੂਬਰ ਨੂੰ ਬਹੁਤ ਭਾਰੀ ਇਕੱਠ ਕੀਤਾ ਜਾ ਰਿਹਾ ਹੈ। ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ,ਬਸੰਤ ਸਿੰਘ ਅਤੇ ਬਿੱਟੂ ਮੱਲ੍ਹਣ ਨੇ ਦੱਸਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਹਿਲਾਂ ਮੀਟਿੰਗ ਕਰ ਕੇ ਕਿਸਾਨ ਯੂਨੀਅਨ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਮੰਗਾਂ ਤਾਂ ਮੰਨੀਆਂ ਗਈਆਂ ਹਨ ਪਰ ਲਿਖਤੀ ਰੂਪ ਵਿੱਚ ਨਹੀਂ ਦਿੱਤਾ ਗਿਆ ਅਤੇ ਨਾ ਹੀ ਲਾਗੂ ਕੀਤੀਆਂ ਗਈਆਂ। ਉਨ੍ਹਾਂ ਇਸ ਦੇ ਵਿਰੋਧ ਵਿੱਚ ਚੱਲ ਰਹੇ ਧਰਨੇ ਵਿੱਚ ਲੋਕਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਜਗਦੇਵ ਸਿੰਘ ਨਸਰਾਲੀ, ਨਿਰਮਲ ਸਿੰਘ ਘੁਡਾਣੀ, ਗੁਰਿੰਦਰ ਸਿੰਘ ਤੇ ਬਲਦੇਵ ਸਿੰਘ ਵੜੈਚ ਵੀ ਸ਼ਾਮਲ ਸਨ।