ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਜਨਵਰੀ
ਭਾਈ ਰਣਧੀਰ ਸਿੰਘ ਨਗਰ ਇਲਾਕੇ ’ਚ ਰਹਿਣ ਵਾਲੇ ਨੀਟੂ ਬਜਾਜ ਨੂੰ ਬੇਹੋਸ਼ ਕਰ ਘਰ ’ਚ ਲੁੱਟਖੋਹ ਕਰਨ ਵਾਲੇ ਨੌਕਰ ਅਤੇ ਉਸ ਦੇ ਸਾਥੀਆਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਲਗ ਸਕਿਆ। ਪੁਲੀਸ ਦੀਆਂ ਟੀਮਾਂ ਮੁਲਜ਼ਮਾਂ ਦਾ ਪਤਾ ਲਾਉਣ ਲਈ ਕਈ ਥਾਂਵਾਂ ’ਤੇ ਛਾਪੇ ਮਾਰ ਰਹੀਆਂ ਹਨ। ਦੋ ਦਿਨ ਹੋ ਗਏ ਹਨ, ਪੁਲੀਸ ਦੇ ਕੋਲ ਸਿਰਫ਼ ਉਨ੍ਹਾਂ ਦੇ ਨਾਮ ਅਤੇ ਪਤੇ ਤੋਂ ਬਿਨਾਂ ਮੁਲਜ਼ਮ ਨੌਕਰ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਹੈ। ਸਰਾਭਾ ਨਗਰ ਥਾਣੇ ਦੀ ਪੁਲੀਸ ਨੇ ਨੇਪਾਲ ਵਾਸੀ ਮਾਨ ਬਹਾਦਰ ਤੋਂ ਇਲਾਵਾ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਸਰਾਭਾ ਨਗਰ ਦੇ ਐੱਸਐੱਚਓ ਸਬ ਇੰਸਪੈਕਟਰ ਜਸਕਮਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦਾ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ। ਟੀਮਾਂ ਮੁਲਜ਼ਮ ਦੀ ਭਾਲ ’ਚ ਲੱਗੀਆਂ ਹੋਈਆਂ ਹਨ। ਕਈ ਥਾਂਵਾਂ ’ਤੇ ਮੁਲਜ਼ਮਾਂ ਦੀ ਭਾਲ ’ਚ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਰਾਹੀਂ ਮਾਨ ਬਹਾਦਰ ਤੋਂ ਇਲਾਵਾ ਬਾਕੀ ਦੇ ਤਿੰਨ ਮੁਲਜ਼ਮਾਂ ਦਾ ਪਤਾ ਲਾਇਆ ਜਾ ਰਿਹਾ ਹੈ। ਜਲਦੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਮਾਨ ਬਹਾਦੁਰ ਨੂੰ ਕਿਸ ਨੇ ਰਖਵਾਇਆ ਸੀ ਤੇ ਉਹ ਉਸ ਦੇ ਸੰਪਰਕ ’ਚ ਕਿਵੇਂ ਆਇਆ ਸੀ। ਸੂਤਰਾਂ ਅਨੁਸਾਰ ਪੁਲੀਸ ਨੂੰ ਕੁਝ ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨੇਪਾਲ ਲਈ ਰਵਾਨਾ ਹੋਏ ਸਨ।