ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 13 ਅਗਸਤ
ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ’ਚ ਅਥਾਹ ਵਾਧੇ ਖ਼ਿਲਾਫ਼ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਚੱਕਾ ਜਾਮ ਕੀਤਾ ਜਾਵੇਗਾ। ਕੌਮੀ ਸ਼ਾਹਰਾਹ ’ਤੇ ਸਥਿਤ ਚੌਕੀਮਾਨ ਟੌਲ ਪਲਾਜ਼ੇ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ‘ਕਿਸਾਨ ਮਜ਼ਦੂਰ ਆਜ਼ਾਦੀ ਸੰਗਰਾਮ ਦਿਵਸ’ ਮਨਾਇਆ ਜਾਵੇਗਾ ਅਤੇ ਰੋਸ ਮੁਜ਼ਾਹਰਾ ਹੋਵੇਗਾ। ਸਿਆਸੀ ਧਿਰਾਂ ਨਾਲ ਸਬੰਧਤ ਜਿਹੜੇ ਆਗੂ ਉਸ ਦਿਨ ਉਥੋਂ ਲੰਘਣਗੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ। ਇਹ ਐਲਾਨ ਅੱਜ ਚੌਕੀਮਾਨ ਟੌਲ ’ਤੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਮੀਟਿੰਗ ’ਚ ਕੀਤਾ ਗਿਆ। ਪੇਂਡੂ ਮਜ਼ਦੂਰ ਯੂਨੀਅਨ ਅਤੇ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਨੇ ਇਸ ਦੀ ਹਮਾਇਤ ਕੀਤੀ ਹੈ। ਚੌਕੀਮਾਨ ਟੋਲ ਪਲਾਜ਼ੇ ਵਿਖੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ ਦੀ ਅਗਵਾਈ ਹੇਠ ਚੱਲੇ ਕਿਸਾਨ ਧਰਨੇ ’ਚ ਉਨ੍ਹਾਂ ਤੋਂ ਇਲਾਵਾ ਜਸਦੇਵ ਸਿੰਘ ਲਲਤੋਂ, ਅਵਤਾਰ ਸਿੰਘ ਰਸੂਲਪੁਰ, ਅਵਤਾਰ ਸਿੰਘ ਬੋਪਾਰਾਏ ਆਦਿ ਨੇ ਕਿਹਾ ਕਿ ਅਸਮਾਨ ਛੂਹ ਰਹੀ ਮਹਿੰਗਾਈ ਲਈ ਜਿਥੇ ਕੇਂਦਰ ਦੀ ਮੋਦੀ ਸਰਕਾਰ ਜ਼ਿੰਮੇਵਾਰ ਹੈ ਉਥੇ ਹੀ ਵਿਰੋਧੀ ਧਿਰ ਵੀ ਇਸ ਮੁੱਦੇ ’ਤੇ ਸੰਜੀਦਾ ਭੂਮਿਕਾ ਅਦਾ ਕਰਨ ’ਚ ਨਾਕਾਮ ਰਹੀ ਹੈ। ਉਨ੍ਹਾਂ ਅੱਜ ਦੀਆਂ ਵਿਰੋਧੀ ਧਿਰਾਂ ਨੂੰ ਉਹ ਦਿਨ ਯਾਦ ਕਰਵਾਏ ਜਦੋਂ ਭਾਜਪਾ ਵਿਰੋਧੀ ਧਿਰ ’ਚ ਸੀ ਅਤੇ ਕਿਵੇਂ ਮਹਿੰਗਾਈ ਖ਼ਿਲਾਫ਼ ਉਸ ਨੇ ‘ਇੱਟ ਨਾ ਇੱਟ’ ਖੜਕਾ ਦਿੱਤੀ ਸੀ। ਬੁਲਾਰਿਆਂ ਨੇ ਕਿਹਾ ਕਿ ਅੱਤ ਦੀ ਮਹਿੰਗਾਈ ਨੇ ਹਰ ਵਰਗ ਦੇ ਪਰਿਵਾਰ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਗਰੀਬ ਤਬਕਾ ਦੋ ਵਕਤ ਦੀ ਰੋਟੀ ਦਾ ਮੁਥਾਜ ਹੋ ਗਿਆ ਹੈ। ਸਰ੍ਹੋਂ ਦੇ ਤੇਲ ਅਤੇ ਦਾਲਾਂ ਆਦਿ ਦੀਆਂ ਲੋੜੋਂ ਵੱਧ ਉੱਪਰ ਚੜ੍ਹੀਆਂ ਕੀਮਤਾਂ ਨੇ ਰਸੋਈ ਦਾ ਬਜਟ ਹਿਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਡੀਜ਼ਲ, ਪੈਟਰੋਲ ਤੇ ਗੈਸ ਦੀਆਂ ਖੂਨ ਪੀਣੀਆਂ ਅੰਨ੍ਹੀਆਂ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਇਸ ਨੂੰ ਜੀਐੱਸਟੀ ਦੇ ਘੇਰੇ ਵਿੱਚ ਲਿਆਵੇ। ਆਗੂਆਂ ਨੇ ਕਿਹਾ ਕਿ 15 ਅਗਸਤ ਨੂੰ ਸਵੇਰੇ 10 ਵਜੇ ਤੋਂ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਭਲਕੇ ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਵੱਖ-ਵੱਖ ਪਿੰਡਾਂ ’ਚ ਮੋਟਰ ਸਾਈਕਲਾਂ ਤੇ ਟਰੈਕਟਰਾਂ ’ਤੇ ‘ਲੋਕ ਜਗਾਓ ਮਾਰਚ’ ਕੱਢਿਆ ਜਾਵੇਗਾ। ਇਸ ਸਮੇਂ ਮਕੁੰਦ ਸਿੰਘ ਮਾਨ, ਜਸਵੀਰ ਸਿੰਘ ਬੱਦੋਵਾਲ, ਬਲਵਿੰਦਰ ਸਿੰਘ ਹਾਂਸ, ਗੁਰਚਰਨ ਸਿੰਘ ਇਟਲੀ, ਨਿਰਮਲ ਸਿੰਘ ਹਾਂਸ, ਕਰਮ ਸਿੰਘ ਪੱਪੂ ਮਾਨ, ਗੁਰਮੇਲ ਸਿੰਘ ਕੁਲਾਰ, ਜਸਵੰਤ ਸਿੰਘ ਮਾਨ ਆਦਿ ਮੌਜੂਦ ਸਨ।
ਰੇਲਵੇ ਪਾਰਕ ਜਗਰਾਉਂ ’ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ’ਚ ਧਰਨੇ ਦੇ 317ਵੇਂ ਦਿਨ ’ਚ ਦਾਖਲ ਹੋਣ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੰਵਲਜੀਤ ਖੰਨਾ, ਮਹਿੰਦਰ ਸਿੰਘ ਕਮਾਲਪੁਰਾ, ਧਰਮ ਸਿੰਘ ਸੂਜਾਪੁਰ ਤੇ ਹੋਰਨਾਂ ਨੇ ਕਿਹਾ ਕਿ 5 ਅਗਸਤ ਨੂੰ ਅਧੂਰੀ ਆਜ਼ਾਦੀ ਦਾ ਦਿਵਸ ਮਨਾਉਂਦਿਆਂ ਕਿਸਾਨਾਂ ਮਜ਼ਦੂਰਾਂ ਲਈ ਅਸਲ ਆਜ਼ਾਦੀ ਦੇ ਲੋਕ ਸੰਘਰਸ਼ ਨੂੰ ਤੇਜ਼ ਕਰਨ ਦਾ ਅਹਿਦ ਲਿਆ ਜਾਵੇਗਾ। ਸਾਬਕਾ ਮੁਲਾਜ਼ਮ ਆਗੂ ਜਗਦੀਸ਼ ਸਿੰਘ, ਹਰਭਜਨ ਸਿੰਘ ਦੌਧਰ ਨੇ ਕਿਹਾ ਕਿ 74 ਸਾਲਾਂ ’ਚ ਦੇਸ਼ ਦੇ ਵੱਖ ਵੱਖ ਰੰਗਾਂ ਦੇ ਹਾਕਮਾਂ ਨੇ ਦੇਸ਼ ਅਤੇ ਲੋਕ ਵਿਰੋਧੀ ਨੀਤੀਆਂ ਰਾਹੀਂ ਆਮ ਕਿਰਤੀ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਰੇਲਵੇ ਪਾਰਕ ’ਚ ਵਿਸ਼ਾਲ ਇਕੱਤਰਤਾ ਕਰਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸ਼ਹਿਰ ’ਚ ਮਜ਼ਦੂਰ ਕਿਸਾਨ ਮੁਕਤੀ ਮਾਰਚ ਕੀਤਾ ਜਾਵੇਗਾ। ਅੱਜ ਪਿੰਡ ਕੋਠੇ ਸ਼ੇਰਜੰਗ ਅਤੇ ਕੋਠੇ ਬੱਗੂ ਦੀ ਸੰਗਤ ਵੱਲੋਂ ਦੱਸ-ਦੱਸ ਹਜ਼ਾਰ ਰੁਪਏ ਦੀ ਸਹਾਇਤਾ ਸੰਘਰਸ਼ ਮੋਰਚੇ ਦੀ ਨੂੰ ਭੇਟ ਕੀਤੀ ਗਈ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਮੋਦੀ ਹਕੂਮਤ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਇਥੋਂ ਦੇ ਰੇਲਵੇ ਸਟੇਸ਼ਨ ’ਤੇ ਸ਼ਾਂਤਮਈ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ, ਦਲਜੀਤ ਸਿੰਘ ਸਵੈਚ ਅਤੇ ਹਰਮਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦਿਨੋਂ ਦਿਨ ਦੇਸ਼ ਨੂੰ ਵੇਚ ਕੇ ਜਿੱਥੇ ਪੂੰਜੀਪਤੀਆਂ ਨੂੰ ਲਾਭ ਪਹੁੰਚਾ ਰਹੀ ਹੈ, ਉੱਥੇ ਹੀ ਜਨਤਕ ਅਦਾਰੇ ਲਗਾਤਾਰ ਨਿੱਜੀ ਹੱਥਾਂ ਵਿੱਚ ਜਾ ਰਹੇ ਹਨ। ਕਿਸਾਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਅਜੇ ਵੀ ਆਪਣੇ ਹੱਕਾਂ ਲਈ ਅਵਾਜ਼ ਬੁਲੰਦ ਨਾ ਕੀਤੀ ਤਾਂ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਖ਼ਤਰੇ ਵਿੱਚ ਚਲਾ ਜਾਵੇਗਾ। ਇਸ ਮੌਕੇ ਅਵਤਾਰ ਸਿੰਘ, ਗੁਲਜ਼ਾਰ ਸਿੰਘ, ਗੁਰਦਿਆਲ ਸਿੰਘ, ਕਰਨੈਲ ਸਿੰਘ, ਜਸਵੰਤ ਸਿੰਘ, ਬਲਜੀਤ ਸਿੰਘ, ਰਛਪਾਲ ਸਿੰਘ, ਰਾਜਿੰਦਰ ਸਿੰਘ, ਹਵਾ ਸਿੰਘ, ਸਤਿੰਦਰ ਸਿੰਘ, ਬਲਰਾਜ ਸਿੰਘ, ਹਰਵਿੰਦਰ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ।
ਆਜ਼ਾਦੀ ਦਿਵਸ ਦੇ ਮਾਰਚ ਦੀਆਂ ਤਿਆਰੀਆਂ ਮੁਕੰਮਲ
ਗੁਰੂਸਰ ਸੁਧਾਰ (ਸੰਤੋਖ ਗਿੱਲ): ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਹਕੂਮਤ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਕਿਲ੍ਹਾ ਰਾਏਪੁਰ ਵਿੱਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਲੜੀਵਾਰ ਧਰਨੇ ਦੀ ਪ੍ਰਧਾਨਗੀ ਮਹਿੰਦਰ ਕੌਰ, ਰਜਿੰਦਰ ਕੌਰ ਅਤੇ ਸੁਖਵਿੰਦਰ ਕੌਰ ਨੇ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੁਰਜੀਤ ਸਿੰਘ ਸੀਲੋਂ ਨੇ ਕਿਹਾ ਕਿ ਸੁਤੰਤਰਤਾ ਦਿਵਸ ਮੌਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਉਂਤੇ ਗਏ ਤਿਰੰਗਾ ਮਾਰਚ ਦੀਆਂ ਤਿਆਰੀਆਂ ਜਾਰੀ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਸੁਤੰਤਰਤਾ ਦਿਵਸ ਨਵਾਂ ਸੰਦੇਸ਼ ਦੇਵੇਗਾ, ਜਦੋਂ ਦੇਸ਼ ਵਾਸੀ ਕਾਰਪੋਰੇਟ ਘਰਾਣਿਆਂ ਤੋਂ ਦੇਸ਼ ਦੀ ਸੱਤਾ ਨੂੰ ਅਜ਼ਾਦ ਕਰਨ ਦੀ ਲੜਾਈ ਲੜਨਗੇ। ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ, ਅਮਰੀਕ ਸਿੰਘ ਜੜਤੌਲੀ, ਬਲਦੇਵ ਸਿੰਘ ਧੂਰਕੋਟ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਮਨਜੀਤ ਸਿੰਘ ਗੁੱਜਰਵਾਲ, ਦਵਿੰਦਰ ਸਿੰਘ ਕਿਲ੍ਹਾ ਰਾਏਪੁਰ, ਚਰਨਜੀਤ ਸਿੰਘ ਗਰੇਵਾਲ ਅਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਹਰਿਆਣਾ ਵਿਚ ਤਿਰੰਗਾ ਮਾਰਚ ਦੇ ਕੀਤੇ ਪਾਖੰਡ ਦਾ ਵੀ ਚੌਰਾਹੇ ਭਾਂਡੇ ਭੰਨਿਆ ਜਾਵੇਗਾ।
ਪਿੰਡਾਂ ’ਚ ਲਾਮਬੰਦੀ ਮੁਹਿੰਮ ਮੁੜ ਸ਼ੁਰੂ
ਜਗਰਾਉਂ: ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਕਿਸਾਨ ਮਜ਼ਦੂਰ ਸੰਘਰਸ਼ ਮੋਰਚੇ ਦੀ ਮਜ਼ਬੂਤੀ ਲਈ ਪਿੰਡਾਂ ’ਚ ਲਾਮਬੰਦੀ ਦਾ ਅਮਲ ਬਲਾਕ ਦੇ ਪਿੰਡਾਂ ’ਚ ਮੁੜ ਸ਼ੁਰੂ ਕੀਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਜਗਰਾਉਂ ਦੇ ਪਿੰਡਾਂ ਮੱਲ੍ਹਾ, ਚੀਮਾ, ਲੱਖਾ ਅਤੇ ਚਕਰ ਵਿਖੇ ਨੁੱਕੜ ਨਾਟਕ ਸਮਾਗਮ ਆਯੋਜਿਤ ਕੀਤੇ ਗਏ। ਇਸ ਸਮੇਂ ਪੀਪਲਜ਼ ਆਰਟ ਥੀਏਟਰ ਪਟਿਆਲਾ ਨਾਟਕ ਟੀਮ ਨੇ ਚਰਚਿਤ ਨਾਟਕ ‘ਅਣਖ ਜਿਨ੍ਹਾਂ ਦੀ ਜਿਉਂਦੀ ਹੈ’ ਰਾਹੀਂ ਕਾਲੇ ਖੇਤੀ ਕਾਨੂੰਨਾਂ ਦੇ ਮਾੜੇ ਅਸਰਾਂ ਤੋਂ ਸੁਚੇਤ ਕੀਤਾ।