ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 12 ਫਰਵਰੀ
ਲੁਧਿਆਣਾ-ਬਠਿੰਡਾ ਮਾਰਗ ਉੱਪਰ ਹਿੱਸੋਵਾਲ-ਰਕਬਾ ਟੌਲ ਪਲਾਜ਼ਾ ਉੱਪਰ ਵਿਸ਼ੇਸ਼ ਨਾਕਾਬੰਦੀ ਦੌਰਾਨ ਥਾਣਾ ਸੁਧਾਰ ਦੀ ਪੁਲੀਸ ਅਤੇ ਚੋਣ ਕਮਿਸ਼ਨ ਦੀ ਸਾਂਝੀ ਟੀਮ ਵੱਲੋਂ ਇਨੋਵਾ ਕਾਰ ਵਿੱਚੋਂ ਨੌਂ ਲੱਖ ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਹੈ। ਮੌਕੇ ’ਤੇ ਮੌਜੂਦ ਥਾਣਾ ਸੁਧਾਰ ਦੇ ਮੁਖੀ ਬਲਵਿੰਦਰ ਸਿੰਘ ਅਨੁਸਾਰ ਪਿੰਡ ਮੋਹੀ ਵਾਸੀ ਸੁਰਜੀਤ ਸਿੰਘ ਕਾਰ ਚਲਾ ਰਿਹਾ ਸੀ। ਕਾਰ ਵਿੱਚੋਂ ਮਿਲੀ ਨਗਦੀ ਦੇ ਸਰੋਤ ਬਾਰੇ ਸੁਰਜੀਤ ਸਿੰਘ ਕੋਈ ਸਬੂਤ ਪੇਸ਼ ਨਹੀਂ ਕਰ ਸਕੇ। ਇਸ ਸਬੰਧੀ ਥਾਣਾ ਸੁਧਾਰ ਵਿਚ ਕੇਸ ਦਰਜ ਕਰ ਕੇ ਸਾਰੀ ਰਕਮ ਜ਼ਬਤ ਕਰ ਲਈ ਗਈ ਹੈ ਅਤੇ ਅਗਲੀ ਜਾਂਚ ਜਾਰੀ ਹੈ।
ਥਾਣਾ ਮੁਖੀ ਬਲਵਿੰਦਰ ਸਿੰਘ ਅਤੇ ਚੋਣ ਕਮਿਸ਼ਨ ਦੇ ਅਧਿਕਾਰੀ ਰਕੇਸ਼ ਕੁਮਾਰ ਨੇ ਦੱਸਿਆ ਕਿ ਮੁੱਲਾਂਪੁਰ ਵੱਲੋਂ ਸੁਧਾਰ ਵੱਲ ਜਾ ਰਹੀ ਇਨੋਵਾ ਕਾਰ ਚਾਲਕ ਸੁਰਜੀਤ ਸਿੰਘ ਵਾਸੀ ਪਿੰਡ ਮੋਹੀ ਨੂੰ ਜਾਂਚ ਪੜਤਾਲ ਲਈ ਰੋਕਿਆ ਤਾਂ ਉਸ ਦੀ ਕਾਰ ਵਿੱਚੋਂ ਨੌਂ ਲੱਖ ਦੀ ਨਗਦੀ ਬਰਾਮਦ ਹੋਈ ਹੈ। ਪੇਸ਼ੇ ਵਜੋਂ ਕਿਸਾਨ ਸੁਰਜੀਤ ਸਿੰਘ ਨੇ ਇਸ ਬਾਰੇ ਸਫ਼ਾਈ ਦਿੰਦੇ ਹੋਏ ਦੱਸਿਆ ਕਿ ਅਣਜਾਣੇ ਵਿਚ ਉਹ ਪੈਸੇ ਲੈ ਕੇ ਬੈਂਕ ਵਿਚ ਜਮ੍ਹਾ ਕਰਾਉਣ ਜਾ ਰਿਹਾ ਸੀ ਅਤੇ ਕੁਝ ਦਿਨ ਪਹਿਲਾਂ ਇਹ ਨਗਦੀ ਬੈਂਕ ਤੋਂ ਹੀ ਕਢਵਾਈ ਸੀ। ਮੌਕੇ ’ਤੇ ਮੌਜੂਦ ਪਿੰਡ ਮੋਹੀ ਦੇ ਸਰਪੰਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸੁਰਜੀਤ ਸਿੰਘ ਉਸ ਦੇ ਕਰੀਬੀ ਹਨ ਅਤੇ ਸੋਮਵਾਰ ਤੱਕ ਉਹ ਸਬੂਤ ਪੇਸ਼ ਕਰ ਦੇਣਗੇ।
ਮਜ਼ਦੂਰ ਕੋਲੋਂ 30 ਹਜ਼ਾਰ ਰੁਪਏ ਲੁੱਟ ਕੇ ਨੌਜਵਾਨ ਫ਼ਰਾਰ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਸਨਅਤੀ ਸ਼ਹਿਰ ਵਿੱਚ ਚੋਣਾਂ ਕਰ ਕੇ ਥਾਂ-ਥਾਂ ਲੱਗੇ ਪੁਲੀਸ ਨਾਕਿਆਂ ਦੇ ਬਾਵਜੂਦ ਫੁਹਾਰਾ ਚੌਕ ਨੇੜੇ ਰਾਣੀ ਝਾਂਸੀ ਰੋਡ ’ਤੇ ਬੈਗ ਦੀ ਤਲਾਸ਼ੀ ਲੈਣ ਦੇ ਬਹਾਨੇ ਮੋਟਰਸਾਈਕਲ ਸਵਾਰ ਗੈਸ ਏਜੰਸੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਕੋਲੋਂ 30 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਿਆ। ਜਦੋਂ ਤੱਕ ਰੇਹੜੇ ਵਾਲਾ ਕੁੱਝ ਕਰ ਪਾਉਂਦਾ, ਉਦੋਂ ਤੱਕ ਮੁਲਜ਼ਮ ਮੋਟਰਸਾਈਕਲ ’ਤੇ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਆਸ-ਪਾਸ ਦੇ ਲੋਕਾਂ ਨੇ ਥਾਣਾ ਡਿਵੀਜ਼ਨ ਨੰਬਰ-8 ਦੀ ਪੁਲੀਸ ਨੂੰ ਦਿੱਤੀ। ਪੁਲੀਸ ਨੇ ਇਸ ਮਾਮਲੇ ਵਿੱਚ ਸ਼ਿਵਾਲਿਕ ਗੈਸ ਏਜੰਸੀ ਦਾ ਕਾਮੇ ਰਾਮਦਾਸ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਰਾਮਦਾਸ ਨੇ ਪੁਲੀਸ ਨੂੰ ਦੱਸਿਆ ਕਿ ਉਹ ਸ਼ਿਵਾਲਿਕ ਗੈਸ ਏਜੰਸੀ ’ਤੇ ਕੰਮ ਕਰਦਾ ਹੈ। ਉਹ ਰੇਹੜੀ ’ਤੇ ਸਿਲੰਡਰ ਲੈ ਕੇ ਜਾ ਰਿਹਾ ਸੀ, ਇਸ ਦੌਰਾਨ ਰਸਤੇ ਵਿੱਚ ਇੱਕ ਮੋਟਰਸਾਈਕਲ ਸਵਾਰ ਨੇ ਉਸ ਨੂੰ ਰੋਕ ਲਿਆ। ਉਹ ਧੱਕੇ ਨਾਲ ਉਸ ਦੇ ਬੈਗ ਦੀ ਤਲਾਸ਼ ਲੈਣ ਲੱਗਿਆ ਤੇ ਬੈਗ ਵਿਚਲੇ 30 ਹਜ਼ਾਰ ਰੁਪਏ ਰੁਪਏ ਲੁੱਟ ਕੇ ਫ਼ਰਾਰ ਹੋ ਗਿਆ। ਪੁਲੀਸ ਨੇ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰ ਪੜਤਾਲ ਸ਼ੁਰੂ ਕਰ ਦਿੱਤੀ ਹੈ।