ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਅਕਤੂਬਰ
ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ 352ਵਾਂ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿੱਚ ਮਨਾਇਆ ਗਿਆ, ਜਿੱਥੇ ਵਿਧਾਇਕ ਇਯਾਲੀ ਸਮੇਤ 9 ਕਿਸਾਨ ਬਾਬਾ ਬੰਦਾ ਸਿੰਘ ਬਹਾਦਰ ਐਵਾਰਡ ਨਾਲ ਸਨਮਾਨਿਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ.ਐਸਪੀਐਸ ਓਬਰਾਏ ਪੁੱਜੇ, ਜਦਕਿ ਸੰਸਦ ਮੈਂਬਰ ਮੁਹੰਮਦ ਸਦੀਕ ਅਤੇ ਗੁਰਜੀਤ ਸਿੰਘ ਔਜਲਾ ਤੋਂ ਇਲਾਵਾ ਮਨੋਹਰ ਦਾਸ ਬੈਰਾਗੀ ਅਤੇ ਸੰਤ ਬਲਬੀਰ ਸਿੰਘ ਲੰਮੇ ਜੱਟਪੁਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਫਾਊਂਡੇਸਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਕਨਵੀਨਰ ਬਲਦੇਵ ਬਾਵਾ, ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ ਅਤੇ ਹਰਿਆਣਾ ਇਕਾਈ ਦੇ ਪ੍ਰਧਾਨ ਉਮਰਾਓ ਸਿੰਘ ਛੀਨਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਰੁਪਿੰਦਰ ਬਾਵਾ, ਚਰਨਜੀਤ ਸਿੰਘ, ਸਵਰਨ ਸਿੰਘ, ਹਰਮਿੰਦਰ ਸਿੰਘ, ਸੇਵਾ ਦਾਸ ਬਾਵਾ, ਗੁਰਚਰਨ ਸਿੰਘ ਅਤੇ ਹਰਕੇਸ਼ ਬਾਵਾ ਸਮੇਤ ਪੰਜਾਬ ਦੇ ਨੌ ਕਿਸਾਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਐਵਾਰਡ ਨਾਲ ਸਨਮਾਨਿਆ ਗਿਆ। ਲੇਖਕ ਮਾਸਟਰ ਹਰੀ ਸਿੰਘ ਤੇ ਸਾਰਾਗੜੀ ਸ਼ਹੀਦ ਪਰਿਵਾਰ ਦੇ ਪੁੱਤਰ ਗੁਰਮੇਲ ਸਿੰਘ ਨੂੰ ਵਿਸ਼ੇਸ਼ ਸਨਮਾਨ ਕੀਤਾ ਗਿਆ।
ਕ੍ਰਿਸ਼ਨ ਕੁਮਾਰ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਪਹਿਲੇ ਸਿੱਖ ਲੋਕ ਰਾਜ ਦੇ ਮੋਢੀ ਬਾਬਾ ਬੰਦਾ ਸਿੰਘ ਬਹਾਦਰ ਦੀ ਤਸਵੀਰ ਵੀ ਸਰਕਾਰੀ ਦਫ਼ਤਰਾਂ ਵਿੱਚ ਲਗਾਵੇ, ਪੀਏਯੂ ਅਤੇ ਹਲਵਾਰਾ ਹਵਾਈ ਅੱਡੇ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ’ਤੇ ਰੱਖਿਆ ਜਾਵੇ।