ਗਗਨਦੀਪ ਅਰੋੜਾ
ਲੁਧਿਆਣਾ, 10 ਦਸੰਬਰ
ਸਨਅਤੀ ਸ਼ਹਿਰ ਵਿੱਚ ਲੁਧਿਆਣਾ ਪੁਲੀਸ ਨੂੰ ਚਣੌਤੀ ਦਿੰਦੇ ਹੋਏ ਦੋ ਮੋਟਰਸਾਈਕਲ ਸਵਾਰਾਂ ’ਤੇ ਲੁਟੇਰਿਆਂ ਨੇ ਸਵੇਰੇ-ਸਵੇਰੇ ਹੌਜ਼ਰੀ ਸਨਅਤਕਾਰ ਕੋਲੋਂ ਸਾਢੇ 9 ਲੱਖ ਰੁਪਏ ਦੀ ਲੁੱਟ ਕਰ ਲਈ। ਵਾਰਦਾਤ ਲੁਧਿਆਣਾ ਦੇ ਆਰਕੇ ਰੋਡ ਦੀ ਹੈ, ਜਿੱਥੇ ਸ਼ਿਵਾ ਹੌਜ਼ਰੀ ਦੇ ਮਾਲਕ ਨੂੰ ਲੁਟੇਰਿਆਂ ਨੇ ਰਾਡ ਮਾਰ ਕੇ ਉਸਦੇ ਹੱਥ ਵਿੱਚ ਪੈਸਿਆਂ ਨਾਲ ਭਰਿਆ ਬੈਗ ਖੋਹ ਲਿਆ, ਜਦੋਂ ਤੱਕ ਫੈਕਟਰੀ ਮਾਲਕ ਕੁੱਝ ਕਰ ਸਕਦਾ, ਉਦੋਂ ਤੱਕ ਮੁਲਜ਼ਮ ਪੈਸਿਆਂ ਨਾਲ ਭਰਿਆ ਬੈਗ ਲੁੱਟ ਫ਼ਰਾਰ ਹੋ ਗਏ, ਬੈਗ ਵਿੱਚ ਸਾਢੇ 9 ਲੱਖ ਰੁਪਏ ਦੇ ਨਾਲ-ਨਾਲ ਦੋ ਮੋਬਾਈਲ ਫੋਨ ਵੀ ਸਨ। ਮੁਲਜ਼ਮਾਂ ਵੱਲੋਂ ਇਹ ਕੀਤੀ ਗਈ ਸਾਰੀ ਵਾਰਦਾਤ ਫੈਕਟਰੀ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਵਾਰਦਾਤ ਦੀ ਸੂਚਨਾ ਮਿਲਦੇ ਹੀ ਏਡੀਸੀਪੀ ਰੂਪਿੰਦਰ ਕੌਰ ਸਰਾਂ, ਏਸੀਪੀ ਦਵਿੰਦਰ ਚੌਧਰੀ, ਥਾਣਾ ਮੋਤੀ ਨਗਰ ਪੁਲੀਸ ਤੇ ਸੀਆਈਏ ਸਟਾਫ਼ ਦੇ ਮੁਲਾਜ਼ਮ, ਫਿੰਗਰ ਪ੍ਰਿੰਟਸ ਦੀ ਟੀਮ ਵੀ ਮੌਕੇ ’ਤੇ ਪੁੱਜੀ।
ਸ਼ਿਵਾ ਹੌਜ਼ਰੀ ਫੈਕਟਰੀ ਦੇ ਮਾਲਕ ਰਾਧੇ ਮੋਹਨ ਥਾਪਰ ਨੇ ਦੱਸਿਆ ਕਿ ਮਹੀਨੇ ਦੀ 10 ਤਾਰੀਕ ਤੇ 25 ਤਾਰੀਕ ਨੂੰ ਉਹ ਮਜ਼ਦੂਰਾਂ ਨੂੰ ਤਨਖਾਹ ਦਿੰਦੇ ਹਨ, ਇਸ ਕਰਕੇ ਉਹ ਸਵੇਰੇ ਅੱਠ ਵਜੇ ਪੈਸੇ ਲੈ ਕੇ ਪੁੱਜੇ। ਉਨ੍ਹਾਂ ਨੇ ਸਾਰੇ ਪੈਸੇ ਬੈਗ ਵਿੱਚ ਰੱਖੇ ਸਨ, ਜਦੋਂ ਉਹ ਆਪਣੇ ਡਰਾਈਵਰ ਦੇ ਨਾਲ ਫੈਕਟਰੀ ਦੇ ਬਾਹਰ ਪੁੱਜੇ ਤਾਂ ਦੋ ਮੋਟਰਸਾਈਕਲਾਂ ’ਤੇ ਸਵਾਰ ਤਿੰਨ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਸਿੱਧੇ ਉਸਦੇ ਰਾਡ ਮਾਰ ਹੱਥ ਵਿੱਚ ਫੜਿਂਆ ਬੈਗ ਖੋਹ ਲਿਆ। ਡਉਧਰ, ਮੌਕੇ ’ਤੇ ਪੁੱਜੀ ਏਡੀਸੀਪੀ ਰੂਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਮੋਟਰਸਾਈਕਲਾਂ ਦੇ ਨੰਬਰਾਂ ਦੇ ਜ਼ਰੀਏ ਮੁਲਜ਼ਮਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।
ਡਰਾਈਵਰ ਕਾਰ ਵਿੱਚ ਬੈਠਾ ਦੇਖਦਾ ਰਿਹਾ ਸਾਰੀ ਵਾਰਦਾਤ਼
ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਵੀ ਕਾਫ਼ੀ ਹੈਰਾਨ ਕਰਨ ਵਾਲੀ ਹੈ, ਜਿਸ ਵਿੱਚ ਮੁਲਜ਼ਮ ਫੈਕਟਰੀ ਮਾਲਕ ਕੋਲੋਂ ਪੈਸੇ ਲੁੱਟ ਰਹੇ ਹਨ ਤੇ ਡਰਾਈਵਰ ਚੁੱਪ ਚਾਪ ਕਾਰ ਵਿੱਚ ਹੀ ਬੈਠਾ ਹੋਇਆ ਹੈ। ਚੰਦ ਹੀ ਸੈਕਿੰਡਾਂ ਵਿੱਚ ਮੁਲਜ਼ਮ ਡਰਾਈਵਰ ਸਾਹਮਣੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ, ਉਸ ਤੋਂ ਬਾਅਦ ਡਰਾਈਵਰ ਕਾਰ ਵਿੱਚੋਂ ਬਾਹਰ ਆਇਆ। ਡਰਾਈਵਰ ਦੇ ਸ਼ੱਕੀ ਵਤੀਰੇ ਕਾਰਨ ਪੁਲੀਸ ਉਸ ਕੋਲੋਂ ਵੀ ਪੁੱਛ ਗਿੱਛ ਕਰ ਰਹੇ ਹਨ।