ਜਗਰਾਉਂ: ਜਗਰਾਉਂ-ਰਾਏਕੋਟ ਮਾਰਗ ’ਤੇ ਸਥਿਤ ਪਿੰਡ ਬੱਸੀਆਂ ਦੀ ਦਾਣਾ ਮੰਡੀ ਨੇੜੇ ਕੂੜੇ ਦੇ ਢੇਰ ਤੋਂ ਲਾਵਾਰਸ ਹਾਲਤ ’ਚ ਮਿਲੇ ਨਵਜੰਮੇ ਲੜਕੇ ਦਾ ਹੁਣ ਸਵਾਮੀ ਗੰਗਾ ਨੰਦ ਭੂਰੀ ਵਾਲੇ ਬਾਲਘਰ ਧਾਮ ਤਲਵੰਡੀ ਖੁਰਦ ਵਿਖੇ ਪਾਲਣ ਪੋਸ਼ਣ ਹੋਵੇਗਾ। ਐੱਸਜੀਬੀ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਦੇ ਸਕੱਤਰ ਕੁਲਦੀਪ ਸਿੰਘ ਮਾਨ ਅਤੇ ਪ੍ਰਧਾਨ ਬੀਬੀ ਜਸਵੀਰ ਕੌਰ ਪ੍ਰਧਾਨ ਨੇ ਿਕਹਾ ਕਿ ਬਾਲ ਭਲਾਈ ਕਮੇਟੀ ਲੁਧਿਆਣਾ ਦੇ ਚੇਅਰਮੈਨ ਦੀਆਂ ਹਦਾਇਤਾਂ ਅਨੁਸਾਰ ਬੱਚੇ ਨੂੰ ਬਾਲਘਰ ਧਾਮ ਤਲਵੰਡੀ ਖੁਰਦ ਭੇਜਿਆ ਗਿਆ ਹੈ। ਬਾਲਘਰ ਵਿਖੇ ਅੱਜ ਬੱਚੇ ਦੀ ਆਮਦ ਮੌਕੇ ਪ੍ਰਧਾਨ ਜਸਬੀਰ ਕੌਰ, ਸਕੱਤਰ ਕੁਲਦੀਪ ਸਿੰਘ ਮਾਨ ਤੋਂ ਇਲਾਵਾ ਆੜ੍ਹਤੀ ਸੇਵਾ ਸਿੰਘ ਖੇਲਾ, ਨਰਦੀਪ ਕੌਰ ਖੇਲਾ, ਮਨਪ੍ਰੀਤ ਕੌਰ, ਏਕਮਦੀਪ ਕੌਰ ਗਰੇਵਾਲ ਗੋਦ ਕੋਆਰਡੀਨੇਟਰ ਵੀ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ