ਗਗਨਦੀਪ ਅਰੋੜਾ
ਲੁਧਿਆਣਾ, 30 ਦਸੰਬਰ
ਲੁਧਿਆਣਾ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਨਵੇਂ ਸਾਲ ਦੇ ਜਸ਼ਨ ਦੇ ਮੱਦੇਨਜ਼ਰ ਇਸ ਸ਼ਹਿਰ ਦੀ ਪੁਲੀਸ ਹਾਈ ਅਲਰਟ ’ਤੇ ਹੈ।
ਸ਼ਹਿਰ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕਰ ਲਏ ਗਏ ਹਨ। ਇੱਥੋਂ ਦੀਆਂ ਹੱਦਾਂ ਨੂੰ ਜਿੱਥੇ ਸੀਲ ਕਰ ਦਿੱਤਾ ਗਿਆ ਹੈ, ਉੱਥੇ ਸ਼ਹਿਰ ’ਚ ਨਾਕਾਬੰਦੀ ਵੀ ਕਰ ਦਿੱਤੀ ਗਈ ਹੈ। ਜਸ਼ਨ ਦੇ ਇੱਕ ਦਿਨ ਪਹਿਲਾਂ ਪੁਲੀਸ ਵੱਲੋਂ ਵੀ ਕਈ ਇਲਾਕਿਆਂ ’ਚ ਫਲੈਗ ਮਾਰਚ ਕੀਤੇ ਗਏ। ਇਸ ਦੌਰਾਨ ਪੁਲੀਸ ਦੇ ਉਚ ਅਧਿਕਾਰੀ ਸੜਕਾਂ ’ਤੇ ਰਹੇ। ਇਸ ਦੇ ਨਾਲ ਹੀ ਬੰਬ ਨਿਰੋਧਕ ਦਸਤੇ ਤਾਇਨਾਤ ਕਰ ਦਿੱਤੇ ਗਏ ਹਨ। ਜਿੱਥੇ ਜਿੱਥੇ ਪੁਲੀਸ ਨੂੰ ਸ਼ੱਕ ਸੀ, ਉੱਥੇ ਜਾਂਚ ਕੀਤੀ ਗਈ।
ਇਸ ਤੋਂ ਇਲਾਵਾ ਪੁਲੀਸ ਨੇ ਨਾਕਾਬੰਦੀ ਦੌਰਾਨ ਕਈ ਵਾਹਨਾਂ ਨੂੰ ਚੈਕ ਕੀਤਾ। ਸ਼ੱਕੀ ਵਾਹਨਾਂ ਨੂੰ ਲਗਾਤਾਰ ਚੈਕ ਕੀਤਾ ਜਾ ਰਿਹਾ ਹੈ। ਇਸ ਵਾਰ ਸੁਰੱਖਿਆ ਅੱਗੇ ਤੋਂ ਵੀ ਜ਼ਿਆਦਾ ਰਹੇਗੀ। ਇਸ ਦਾ ਸਭ ਤੋਂ ਵੱਡਾ ਕਾਰਨ ਸ਼ਹਿਰ ਦੇ ਅਦਾਲਤੀ ਕੰਪਲੈਕਸ ’ਚ ਧਮਾਕਾ ਹੋਣ ਨੂੰ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਸ਼ਹਿਰ ’ਚ ਰੈੱਡ ਅਲਰਟ ਜਾਰੀ ਹੈ। ਇਸ ਦੌਰਾਨ ਪੁਲੀਸ ਅਧਿਕਾਰੀਆਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਪੁਲੀਸ ਦਾ ਹਰ ਤਰ੍ਹਾਂ ਦਾ ਸਾਥ ਦੇਣ।
ਨਵੇਂ ਸਾਲ ਦੇ ਜਸ਼ਨ ਦੌਰਾਨ ਫੁਹਾਰਾ ਚੌਕ, ਪਵੇਲੀਅਨ ਮਾਲ ਚੌਕ, ਘੁਮਾਰ ਮੰਡੀ, ਕਿਪਸ ਮਾਰਕੀਟ, ਸਰਾਭਾ ਨਗਰ ਮਲਹਾਰ ਰੋਡ ਦੇ ਨਾਲ ਨਾਲ ਲੁਧਿਆਣਾ ਦੇ ਕਲੱਬਾਂ, ਰੈਸਟੋਰੈਂਟਾਂ ਤੇ ਸ਼ਾਪਿੰਗ ਮਾਲਾਂ ’ਚ ਜਸ਼ਨ ਮਨਾਏ ਜਾਣੇ ਹਨ, ਜਿਸ ਦੀ ਇੱਕ ਸੂਚੀ ਪੁਲੀਸ ਵੱਲੋਂ ਤਿਆਰ ਕਰ ਲਈ ਗਈ ਹੈ ਕਿ ਸ਼ਹਿਰ ’ਚ ਕਿੱਥੇ ਕਿੱਥੇ ਸਮਾਗਮ ਹੋਣਗੇ। ਉੱਥੇ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਕਿਪਸ ਮਾਰਕੀਟ ’ਚ ਸਭ ਤੋਂ ਵੱਧ ਭੀੜ ਹੁੰਦੀ ਹੈ। ਪਤਾ ਲੱਗਿਆ ਹੈ ਕਿ ਕਿਪਸ ਮਾਰਕੀਟ ’ਚ ਕਿਸੇ ਨੂੰ ਵੀ ਵਾਹਨ ਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਅਤੇ ਸੜਕ ਵੱਲ ਤੋਂ ਮਾਰਕੀਟ ਨੂੰ ਜਾਣ ਵਾਲੇ ਰਸਤਿਆਂ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਪੈਦਲ ਜਾਣ ਦੀ ਆਗਿਆ ਰਹੇਗੀ। ਸਰਾਭਾ ਨਗਰ ਇਲਾਕੇ ’ਚ ਵੀ ਪੁਲੀਸ ਦੀ ਖਾਸ ਨਿਗ੍ਹ੍ਵਾ ਰਹੇਗੀ।
ਏਡੀਸੀਪੀ-1 ਅਸ਼ਿਵਨ ਗੋਤਿਆਲ ਨੇ ਦੱਸਿਆ ਕਿ ਸੁਰੱਖਿਆ ਦੇ ਸਖਤ ਪ੍ਰਬੰਧ ਹਨ। ਪੁਲੀਸ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਜ਼ਿਆਦਾ ਚੌਕਸ ਰਹੇਗੀ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਨਾ ਹੋਵੇ। ਇਸ ਤੋਂ ਇਲਾਵਾ ਸ਼ਹਿਰ ’ਚ ਨਾਕਾਬੰਦੀ ਵੀ ਰਹੇਗੀ।