ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਸਤੰਬਰ
ਖਾਲੀ ਖਜ਼ਾਨਾ ਭਰਨ ਲਈ ਹੁਣ ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਨੇ ਕਿਰਾਏਦਾਰ ਰੱਖਣ ਵਾਲੇ ਲੋਕ, ਜਿਨ੍ਹਾਂ ਨੇ ਪ੍ਰਾਪਰਟੀ ਟੈਕਸ ਨਹੀਂ ਭਰਿਆ ਹੈ, ’ਤੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਨਗਰ ਨਿਗਮ ਨੇ ਕਿਰਾਏਦਾਰ ਰੱਖਣ ਵਾਲੇ ਮਕਾਨ ਮਾਲਕਾਂ, ਲੇਬਰ ਕੁਆਟਰ, ਪੀਜੀ ਤੇ ਹੋਸਟਲ ਮਾਲਕਾਂ ਤੋਂ 7.5 ਫੀਸਦੀ ਸਾਲਾਨਾ ਪ੍ਰਾਪਰਟੀ ਟੈਕਸ ਵਸੂਲਣ ਲਈ ਨੋਟਿਸ ਦੇਣੇ ਸ਼ੁਰੂ ਕਰ ਦਿੱਤੇ ਹਨ। ਪਹਿਲਾਂ ਤੋਂ ਰਿਕਾਰਡ ’ਚ ਦਰਜ ਕਰੀਬ 50 ਹਜ਼ਾਰ ਪ੍ਰਾਪਰਟੀ ਮਾਲਕਾਂ ਨੂੰ ਨੋਟਿਸ ਭੇਜਿਆ ਜਾਵੇਗਾ।
ਨਾਲ ਹੀ ਮੌਕੇ ’ਤੇ ਹੀ ਸਰਵੇਖਣ ਕਰਕੇ ਕੁਆਟਰ, ਪੀਜੀ ਤੇ ਹੋਸਟਲ ਦੀ ਪਛਾਣ ਕਰਕੇ ਮਾਲਕਾਂ ਨੂੰ ਵੀ ਨੋਟਿਸ ਕੱਢੇ ਜਾਣਗੇ। ਇਹ ਜਾਣਕਾਰੀ ਸੁਪਰਡੈਂਟ ਵਿਵੇਕ ਵਰਮਾ ਨੇ ਦਿੱਤੀ। ਉਧਰ, ਕਮਿਸ਼ਨਰ ਨੇ ਓਐਂਡਐਸ ਸੈੱਲ ਨੂੰ ਵੀ ਹਦਾਇਤਾਂ ਦਿੱਤੀਆਂ ਹਨ ਕਿ ਕਿਰਾਏਦਾਰ ਰੱਖਣ ਵਾਲਿਆਂ ਤੋਂ ਲੈ ਕੇ ਕੁਆਰਟਰਾਂ ’ਚ ਜਾ ਕੇ ਇਹ ਜਾਂਚ ਕੀਤੀ ਜਾਵੇ ਕਿ ਉਥੇ ਸਬਮਰਸੀਬਲ ਪੰਪ ਲੱਗੇ ਹਨ ਜਾਂ ਨਹੀਂ। ਲੱਗੇ ਹੋਣ ’ਤੇ ਡਿਸਪੋਜ਼ਲ ਚਾਰਜ ਵਸੂਲਿਆ ਜਾਵੇਗਾ ਤੇ ਪੈਸੇ ਜਮ੍ਹਾਂ ਨਾ ਕਰਵਾਏ ਜਾਣ ’ਤੇ ਕਾਰਵਾਈ ਕੀਤੀ ਜਾਏਗੀ।
ਵਿਵੇਕ ਵਰਮਾ ਨੇ ਦੱਸਿਆ ਕਿ ਪ੍ਰਾਪਰਟੀ ਟੈਕਸ 2020-21 ਜਮ੍ਹਾਂ ਕਰਾਉਣ ਲਈ 30 ਸਤੰਬਰ ਆਖਰੀ ਮਿਤੀ ਹੈ। ਹੁਣ 10 ਫੀਸਦੀ ਰਿਆਇਤ ਦਿੱਤੀ ਜਾ ਰਹੀ ਹੈ। ਰਿਕਾਰਡ ਅਨੁਸਾਰ ਹਾਲੇ 1 ਲੱਖ ਲੋਕਾਂ ਦਾ ਪ੍ਰਾਪਰਟੀ ਟੈਕਸ ਬਕਾਇਆ ਹੈ। ਇਸ ਤਰ੍ਹਾਂ ਪਿਛਲਾ ਬਕਾਇਆ ਜਮ੍ਹਾਂ ਕਰਵਾਉਣ ਲਈ 31 ਅਕਤੂਬਰ ਤੱਕ ਇਹ ਸਹੂਲਤ ਪ੍ਰਦਾਨ ਕੀਤੀ ਹੈ ਕਿ ਰੋਜ਼ਾਨਾ ਦੀ ਲੱਗਣ ਵਾਲਾ 18 ਫੀਸਦੀ ਵਿਆਜ ਹੁਣ ਜ਼ੀਰੋ ਕਰ ਦਿੱਤਾ ਗਿਆ ਹੈ। ਜਦੋਂ ਕਿ 20 ਫੀਸਦੀ ਜੁਰਮਾਨਾ ਵੀ 10 ਫੀਸਦੀ ਘਟਾ ਦਿੱਤਾ ਗਿਆ ਹੈ। ਅਜਿਹੇ ’ਚ ਇਸ ਸਹੂਲਤ ਦਾ ਲਾਭ ਲੈਣ ਲਈ ਹੁਣ ਇੱਕ ਲੱਖ ਲੋਕ ਬਾਕੀ ਹਨ। ਜੇਕਰ ਤੈਅ ਸਮੇਂ ’ਤੇ ਟੈਕਸ ਜਮ੍ਹਾਂ ਨਹੀਂ ਕਰਵਾਇਆ ਤਾਂ 18 ਫੀਸਦੀ ਵਿਆਜ ਤੇ 20 ਫੀਸਦੀ ਜੁਰਮਾਨਾ ਲੱਗਣਾ ਸ਼ੁਰੂ ਹੋ ਜਾਵੇਗਾ।
ਇਸ ਦੇ ਨਾਲ ਹੀ ਨਿਗਮ ਨੇ ਜਿਨ੍ਹਾਂ ਲੋਕਾਂ ਨੂੰ ਕਿਰਾਏਦਾਰ ਰੱਖਣ ’ਤੇ ਟੈਕਸ ਜਮ੍ਹਾਂ ਕਰਵਾਉਣ ਦੇ ਨੋਟਿਸ ਜਾਰੀ ਕੀਤੇ ਹਨ, ਉਨ੍ਹਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ 100 ਫੀਸਦੀ ਸਹੀ ਤਰੀਕੇ ਨਾਲ ਟੈਕਸ ਭਰਿਆ ਜਾਵੇ। ਜਾਂਚ ’ਚ ਗ਼ਲਤ ਟੈਕਸ ਭਰਦਾ ਜੇ ਕੋਈ ਪਾਇਆ ਗਿਆ ਤਾਂ 100 ਫੀਸਦੀ ਟੈਕਸ ਵਸੂਲਿਆ ਜਾਵੇਗਾ। ਨੋਟਿਸ ’ਚ ਦੱਸਿਆ ਜਾ ਰਿਹਾ ਹੈ ਕਿ ਜੇਕਰ ਕਿਰਾਏਦਾਰ ਰੱਖਣ ਦਾ ਸਾਲ 2013-14 ’ਚ ਟੈਕਸ ਨਹੀਂ ਭਰਿਆ ਹੈ ਤਾਂ ਸਾਲ 2020-21 ਦਾ ਟੈਕਸ ਜਮ੍ਹਾਂ ਹੋ ਚੁੱਕਿਆ ਹੈ ਤਾਂ ਉਹ ਵੀ ਮੌਜੂਦਾ ਟੈਕਸ ਦਾ ਅੰਤਰ ਕੱਢ ਕੇ ਪਿਛਲਾ ਟੈਕਸ ਜਮ੍ਹਾਂ ਕਰਵਾਉਣ।