ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਜਨਵਰੀ
ਸਨਅਤੀ ਸ਼ਹਿਰ ਵਿੱਚ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਵਾਇਰਲ ਹੋਈ ਆਡੀਓ ਨੇ ਨਵੀਂ ਸਿਆਸੀ ਚਰਚਾ ਛੇੜ ਦਿੱਤੀ ਹੈ। ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਕੱਚੇ ਅਧਿਆਪਕ ਯੂਨੀਅਨ ਦੇ ਅਹੁਦੇਦਾਰ ਵਿਚਕਾਰ ਹੋਈ ਗੱਲਬਾਤ ਦੀ ਆਡੀਓ ਵਾਇਰਲ ਹੋ ਗਈ। ਆਡੀਓ ਵਿੱਚ ਵਿੱਤ ਮੰਤਰੀ ਬਾਦਲ ਬਾਰੇ ਗੱਲ ਕੀਤੀ ਜਾ ਰਹੀ ਹੈ, ਹਾਲਾਂਕਿ ਇਸ ਆਡੀਓ ਨੂੰ ਲੈ ਕੇ ਕੈਬਨਿਟ ਮੰਤਰੀ ਆਸ਼ੂ ਨੇ ਇਤਰਾਜ਼ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਇੰਟਰਨੈਟ ਦੀ ਗਲਤ ਵਰਤੋਂ ਕਰ ਰਹੇ ਹਨ ਤੇ ਆਡੀਓ ਨਾਲ ਛੇੜਛਾੜ ਕਰਕੇ ਉਸ ਨੂੰ ਗਲਤ ਤਰੀਕੇ ਨਾਲ ਸ਼ੋਸ਼ਲ ਮੀਡੀਆ ’ਤੇ ਜਾਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਅਜਿਹੀਆਂ ਹਰਕਤਾਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਹਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਵੀ ਇਸ ਸਬੰਧੀ ਚੌਕਸੀ ਵਰਤਣੀ ਚਾਹੀਦੀ ਹੈ। ਸ਼ੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ’ਤੇ ਵੀਰਵਾਰ ਨੂੰ ਇੱਕ ਆਡੀਓ ਵਾਇਰਲ ਹੋਈ। ਇਸ ਵਿੱਚ ਇੱਕ ਪਾਸੇ ਕੱਚੇ ਅਧਿਆਪਕ ਯੂਨੀਅਨ ਦੇ ਅਹੁਦੇਦਾਰ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਆਵਾਜ਼ ਦੱਸੀ ਜਾ ਰਹੀ ਹੈ। ਕਥਿਤ ਆਡੀਓ ’ਚ ਦੋਵਾਂ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ਼ ਗੱਲ ਹੋ ਰਹੀ ਹੈ। ਜਦੋਂ ਉਹ ਆਡੀਓ ਵਾਇਰਲ ਹੋਈ ਤਾਂ ਲੋਕਾਂ ਵਿੱਚ ਚਰਚਾ ਹੋਈ ਕਿ ਆਖ਼ਰ ਕਿਵੇਂ ਕਾਂਗਰਸੀ ਇੱਕ ਦੂਜੇ ਬਾਰੇ ਇਤਰਾਜ਼ਯੋਗ ਗੱਲਾਂ ਕਰ ਰਹੇ ਹਨ। ਆਡੀਓ ਵਿੱਚ ਮੰਤਰੀ ਆਸ਼ੂ ਕੱਚੇ ਅਧਿਆਪਕ 6600 ਯੂਨੀਅਨ ਦੇ ਮੈਂਬਰ ਨਾਲ ਗੱਲ ਕਰ ਰਹੇ ਹਨ। ਫੋਨ ਕੱਚੇ ਅਧਿਆਪਕ ਯੂਨੀਅਨ ਵੱਲੋਂ ਵੀ ਕੀਤਾ ਗਿਆ ਸੀ। ਇਸ ਵਿੱਚ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੀ ਮੰਜੀ ਮਨਪ੍ਰੀਤ ਬਾਦਲ ਨੇ ਠੁੱਕਵਾ ਦੇਣੀ ਹੈ। ਮੰਤਰੀ ਆਸ਼ੂ ਵੱਲੋਂ ਵੀ ਕਿਹਾ ਗਿਆ ਕਿ ਮਨਪ੍ਰੀਤ ਬਾਦਲ ਇੱਦਾਂ ਹੀ ਕਰਦੇ ਹਨ, ਉਹ ਰੋਜ਼ਾਨਾ ਛੇ ਕਾਲ ਕਰਦੇ ਹਨ, ਪਰ ਕੋਈ ਜਵਾਬ ਨਹੀਂ ਦਿੰਦੇ। ਮੰਤਰੀ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਚੰਨੀ ਨਾਲ ਗੱਲ ਕਰਨਗੇ। ਹਾਲਾਂਕਿ, ਮੰਤਰੀ ਆਸ਼ੂ ਨੇ ਬਾਅਦ ਵਿੱਚ ਇਹ ਕਿਹਾ ਹੈ ਕਿ ਗਲਤ ਤਰੀਕੇ ਨਾਲ ਆਡੀਓ ਨੂੰ ਪੇਸ਼ ਕੀਤਾ ਜਾ ਰਿਹਾ ਹੈ।