ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਅਪਰੈਲ
ਸਰਾਭਾ ਨਗਰ ਐਕਸਟੈਨਸ਼ਨ ਇਲਾਕੇ ’ਚ ਇੱਕ ਫਾਰਮ ਹਾਊਸ ਦੀ ਦੇਖਭਾਲ ਲਈ ਰੱਖੇ ਪੰਜ ਨੇਪਾਲੀ ਨੌਕਰਾਂ ਨੇ ਘਰ ’ਚ ਹੀ ਹੱਥ ਸਾਫ਼ ਕਰ ਦਿੱਤਾ। ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਘਰ ਦੇ ਡਰਾਈਵਰ ਨੇ ਅੰਦਰ ਸਾਮਾਨ ਖਿੱਲਰਿਆ ਤੇ ਨੇਪਾਲੀ ਨੌਕਰਾਂ ਨੂੰ ਗਾਇਬ ਦੇਖਿਆ ਤਾਂ ਉਸਨੇ ਮਾਲਕ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲੀਸ ਨੇ ਜਾਂਚ ਤੋਂ ਬਾਅਦ ਮਾਲਕ ਸੁਧੀਰ ਨੰਦਾ ਦੀ ਸ਼ਿਕਾਇਤ ’ਤੇ ਨਕੁਲ ਬਾਮ, ਰਾਜ ਬਹਾਦਰ, ਮਹਿੰਦਰ ਬਾਮ, ਪ੍ਰਕਾਸ਼ ਬਾਮ ਤੇ ਗੰਗਾ ਬਾਮ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਅਨੁਸਾਰ ਮੁਲਜ਼ਮ ਨੁਕਲ ਤੇ ਰਾਜ ਬਹਾਦਰ ਦੋਵੇਂ ਸਕੇ ਭਰਾ ਹਨ। ਪੁਲੀਸ ਨੇ ਸੀਸੀਟੀਵੀ ਚੈੱਕ ਕੀਤੇ, ਜਿਸ ’ਚ ਪਤਾ ਲੱਗਿਆ ਕਿ 2 ਬਾਹਰੀ ਲੋਕ ਵੀ ਸ਼ਾਮਲ ਹੋਏ ਹਨ। ਸੁਧੀਰ ਨੰਦਾ ਨੇ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸ ਦਾ ਫਾਰਮ ਹਾਊਸ ਹੈ, ਜਿੱਥੇ ਨੌਕਰਾਂ ਨੂੰ ਦੇਖਭਾਲ ਲਈ ਰੱਖਿਆ ਗਿਆ। ਨੌਕਰ ਇੱਕ ਹੀ ਪਿੰਡ ਦੇ ਸਨ ਤੇ ਕਾਫ਼ੀ ਸਮੇਂ ਤੋਂ ਉਨ੍ਹਾਂ ਕੋਲ ਕੰਮ ਕਰ ਰਹੇ ਸਨ। ਕੁਝ ਦਿਨ ਪਹਿਲਾਂ ਉਹ ਪੂਰੇ ਪਰਿਵਾਰ ਦੇ ਨਾਲ ਸ਼ਿਰਡੀ ਸਾਂਈ ਬਾਬਾ ਦੇ ਦਰਸ਼ਨ ਕਰਨ ਲਈ ਮਹਾਰਾਸ਼ਟਰ ਗਏ ਸਨ। ਜਦੋਂ ਉਨ੍ਹਾਂ ਨੇ ਘਰ ਪਰਤ ਕੇ ਦੇਖਿਆ ਤਾਂ ਮੁਲਜ਼ਮ ਘਰ ’ਚੋਂ ਸੋਨੇ-ਚਾਂਦੀ ਦੇ ਗਹਿਣੇ ਤੇ ਨਕਦੀ ਚੋਰੀ ਕਰ ਕੇ ਲੈ ਗਏ ਹਨ। ਸੁਧੀਰ ਅਨੁਸਾਰ ਉਨ੍ਹਾਂ ਦੀ ਪੰਜ ਲੱਖ ਨਕਦੀ ਤੇ 35 ਲੱਖ ਦੀ ਕੀਮਤ ਵਾਲੇ ਗਹਿਣੇ ਚੋਰੀ ਹੋਏ ਹਨ।